ਲੋਕ ਸਭਾ ਚੋਣ ਪ੍ਰਚਾਰ ਦੇ ਚੱਲਦੇ ਰਾਜਨੀਤਿਕ ਨੇਤਾਵਾਂ ਵੱਲੋਂ ਲੋਕਾਂ ਦੇ ਘਰਾਂ ’ਚ ਜਾ ਕੇ ਚੋਣ ਪ੍ਰਚਾਰ ਕੀਤਾ ਜਾ ਰਿਹਾ ਤਾਂ ਕਿ ਸੱਤਾ ’ਤੇ ਕਾਬਜ਼ ਹੋਇਆ ਜਾ ਸਕੇ। ਪਰ ਭਾਜਪਾ ਨੇਤਾਵਾਂ ਲਈ ਪੰਜਾਬ ’ਚ ਚੋਣ ਪ੍ਰਚਾਰ ਲਗਭਗ ਮੁਸ਼ਕਿਲ ਹੋ ਗਿਆ। ਕਿਉਂਕਿ ਕਿਸਾਨਾਂ ਵੱਲੋਂ ਹਰ ਜਗਾਂ ਭਾਜਪਾ ਆਗੂਆਂ ਦਾ ਵਿਰੋਧ ਕੀਤਾ ਜਾ ਰਿਹਾ। ਜਦੋਂ ਵੀ ਭਾਜਪਾ ਨੇਤਾ ਕਿਸੇ ਪਿੰਡ, ਨਗਰ ਜਾਂ ਇਲਾਕੇ ’ਚ ਪ੍ਰਚਾਰ ਲਈ ਪਹੁੰਚਦੇ ਹਨ ਤਾਂ ਕਿਸਾਨਾਂ ਵੱਲੋਂ ਭਾਜਪਾ ਉਮੀਦਵਾਰਾਂ ਨੂੰ ਘੇਰ ਕੇ ਸਵਾਲ ਪੁੱਛੇ ਜਾ ਰਹੇ ਹਨ। ਪਰ ਫਰੀਦਕੋਟ ਲੋਕ ਸਭਾ ਹਲਕੇ ’ਚ ਉਸ ਸਮੇਂ ਕੁੱਝ ਹੋਰ ਹੀ ਨਜ਼ਰ ਆਇਆ ਜਦੋਂ ਭਾਜਪਾ ਉਮੀਦਵਾਰ ਹੰਸ ਰਾਜ ਹੰਸ ਨੇ ਕਿਸਾਨਾਂ ਨੂੰ ਸਿੱਧੀ ਚੇਤਾਵਨੀ ਜਾਰੀ ਕਰ ਦਿੱਤੀ।ਇਸ ਸੰਬੰਧੀ ਉਨ੍ਹਾਂ ਦੀ ਇੱਕ ਵੀਡੀਓ ਵੀ ਵਾਇਰਲ ਹੋ ਰਹੀ ਹੈ। ਜਿਸ ਵਿੱਚ ਉਹ ਕਹਿੰਦੇ ਹੋਏ ਸਾਫ਼ ਨਜ਼ਰ ਆ ਰਹੇ ਹਨ ਕਿ ਇਨ੍ਹਾਂ ਨੇ ਛਿੱਤਰਾਂ ਤੋਂ ਬਿਨਾਂ ਬੰਦੇ ਨਹੀਂ ਬਣਨਾ। 2 ਜੂਨ ਤੋਂ ਬਾਅਦ (ਵੋਟਿੰਗ ਤੋਂ ਬਾਅਦ) ਦੇਖਦੇ ਹਾਂ ਕਿਹੜਾ ਖੱਬੀ ਖਾਣ ਇੱਥੇ ਖੰਘਦੈ। ਹੰਸ ਰਾਜ ਹੰਸ ਨੇ ਬੀਤੇ ਦਿਨੀਂ ਹੋਈ ਘਟਨਾ ਵੀ ਜ਼ਿਕਰ ਕੀਤਾ ਜਦੋਂ ਉਹ ਫਰੀਦਕੋਟ ਹਲਕੇ ਚ ਪ੍ਰਚਾਰ ਕਰਨ ਲਈ ਪੁਹੰਚੇ ਸੀ ਤਾਂ ਕਿਸਾਨਾਂ ਤੇ ਪੁਲਿਸ ਵਿਚਾਲੇ ਝੜਪ ਹੋਈ ਸੀ ਤੇ ਪੁਲਿਸ ਨੇ ਕਿਸਾਨਾਂ ’ਤੇ ਹਲਕਾ ਲਾਠੀਚਾਰਜ ਕੀਤਾ ਸੀ। ਹੰਸ ਰਾਜ ਹੰਸ ਨੇ ਕਿਹਾ ਕਿ ਪਰਸੋਂ ਤੂਸੀ ਬਜ਼ਾਰ ਚ ਡਾਂਗਾਂ ਖਾਧੀਆਂ, ਡਾਗਾਂ ਖਾ ਕੇ ਫਿਰ ਉੱਥੇ ਜਾ ਕੇ ਬੈਠ ਜਾਂਦੇ ਹੋ। ਇਹ ਤਾਂ ਮੈਂ ਇਨ੍ਹਾਂ ਨੂੰ ਰੋਕਿਆ ਹੋਇਆ ਕਿ ਕਿਸੇ ਨਾਲ ਲੜਨਾ ਨਹੀਂ। ਪਰ ਜਦੋਂ ਗਰੀਬ ਬੰਦੇ ਨੂੰ ਗੁੱਸਾ ਆਉਂਦਾ ਤਾਂ ਧਰਤੀ ਨੂੰ ਵੀ ਅੱਗ ਲਗਾ ਦਿੰਦਾ ਹੈ।
ਭਾਜਪਾ ਉਮੀਦਵਾਰ ਹੰਸ ਰਾਜ ਹੰਸ ਦੀ ਵਿਵਾਦਿਤ ਬਿਆਨ ਦੀ ਵੀਡੀਓ ਤੇਜ਼ੀ ਨਾਲ ਸੋਸ਼ਲ ਮੀਡੀਆ ’ਤੇ ਫੈਲ ਰਹੀ ਹੈ। ਹਾਂਲਾਕਿ ਇਸ ਵੀਡੀਓ ਦਾ ਕਿਸਾਨਾਂ ਵੱਲੋਂ ਕਿਵੇਂ ਜਵਾਬ ਦਿੱਤਾ ਜਾਂਦਾ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸਗਾ। ਪਰ ਭਾਜਪਾ ਉਮੀਦਵਾਰ ਦੀ ਇਸ ਤਰ੍ਹਾਂ ਦੀ ਧਮਕੀ ਦੇਣਾ ਕਿਤੇ ਨਾ ਕਿਤੇ ਹੰਸ ਰਾਜ ਹੰਸ ਦੀ ਮਾਨਸਿਕ ਸਿਆਸਤ ’ਤੇ ਜਰੂਰ ਸਵਾਲ ਖੜੇ ਕਰ ਰਿਹਾ ਹੈ।