ਮੇਹਟੀਆਣਾ – ਥਾਣਾ ਮੇਹਟੀਆਣਾ ਅਧੀਨ ਪੈਂਦੇ ਪਿੰਡ ਢੱਕੋਵਾਲ ਵਿਖੇ ਬੀਤੀ ਦਰਮਿਆਨੀ ਇਕੋ ਰਾਤ ਵਿਚ ਚੋਰਾਂ ਵੱਲੋਂ ਸ਼੍ਰੀ ਗੁਰੂ ਰਵਿਦਾਸ ਗੁਰਦੁਆਰਾ ਸਾਹਿਬ ਅਤੇ ਇਕ ਐੱਨ. ਆਰ. ਆਈ. ਪਰਿਵਾਰ ਦੇ ਘਰ ਨੂੰ ਨਿਸ਼ਾਨਾ ਬਣਾਉਂਦਿਆਂ ਗਹਿਣਿਆਂ ਸਮੇਤ ਨਕਦੀ ਚੋਰੀ ਕਰ ਲਈ ਗਈ। ਜਾਣਕਾਰੀ ਦਿੰਦੇ ਉਪਰੋਕਤ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਰਵਿੰਦਰ ਕੁਮਾਰ ਅਤੇ ਹੈੱਡ ਗ੍ਰੰਥੀ ਨਰੇਸ਼ ਸਿੰਘ ਨੇ ਦੱਸਿਆ ਕਿ ਅੱਜ ਅੰਮ੍ਰਿਤ ਵੇਲੇ ਜਦੋਂ ਹੈੱਡ ਗ੍ਰੰਥੀ ਹਰ ਰੋਜ਼ ਦੀ ਤਰ੍ਹਾਂ ਗੁਰਦੁਆਰਾ ਸਾਹਿਬ ਵਿਖੇ ਨਿਤਨੇਮ ਕਰਨ ਲਈ ਪਹੁੰਚਿਆ ਤਾਂ ਉਸ ਨੇ ਵੇਖਿਆ ਕਿ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਦਰਵਾਜ਼ੇ ਦੇ ਕੁੰਡੇ ਅਤੇ ਤਾਲੇ ਤੋੜੇ ਹੋਏ ਸਨ। ਜਦੋਂ ਉਸ ਨੇ ਨੇ ਆਸ-ਪਾਸ ਦੇ ਲੋਕਾਂ ਨੂੰ ਇਕੱਠੇ ਕਰਕੇ ਗੁਰਦੁਆਰਾ ਸਾਹਿਬ ਦੇ ਦਰਬਾਰ ਸਾਹਿਬ ਅੰਦਰ ਜਾ ਕੇ ਵੇਖਿਆ ਤਾਂ ਉਥੋਂ ਚੜ੍ਹਾਵੇ ਵਾਲੀ ਗੋਲਕ ਗਾਇਬ ਸੀ। ਪ੍ਰਬੰਧਕ ਕਮੇਟੀ ਨੇ ਦੱਸਿਆ ਕਿ ਗੋਲਕ ਵਿਚ ਅੰਦਾਜਨ 15 ਤੋਂ 18 ਹਜ਼ਾਰ ਰੁਪਏ ਸਨ, ਜੋਕਿ ਚੋਰਾਂ ਵੱਲੋਂ ਚੋਰੀ ਕਰ ਲਏ ਗਏ।
ਇਸੇ ਤਰ੍ਹਾਂ ਗੁਰਦੁਆਰਾ ਸਾਹਿਬ ਦੇ ਪਿਛਲੇ ਪਾਸੇ ਇਕ ਐੱਨ. ਆਰ. ਆਈ. ਦੇ ਘਰ ਨੂੰ ਵੀ ਨਿਸ਼ਾਨਾ ਬਣਾਉਂਦਿਆਂ ਚੋਰਾਂ ਵੱਲੋਂ ਦਰਵਾਜ਼ੇ ਅਤੇ ਅਲਮਾਰੀ ਦੇ ਤਾਲੇ ਤੋੜ ਕੇ ਅਲਮਾਰੀ ਵਿਚ ਪਏ 70 ਹਜ਼ਾਰ ਰੁਪਏ ਦੀ ਨਕਦੀ, ਇਕ ਸੋਨੇ ਦੀ ਚੇਨ ਸਮੇਤ ਹੋਰ ਕੀਮਤੀ ਸਮਾਨ ਚੋਰੀ ਕਰ ਲਿਆ ਗਿਆ। ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਐੱਨ. ਆਰ. ਆਈ. ਪਰਿਵਾਰ ਦੇ ਭੁਪਿੰਦਰ ਸਿੰਘ ਨੇ ਇਸ ਦੀ ਸੂਚਨਾ ਥਾਣਾ ਮੇਹਟੀਆਣਾ ਦੀ ਪੁਲਸ ਨੂੰ ਦੇ ਦਿੱਤੀ ਹੈ ਅਤੇ ਪੁਲਸ ਵੱਲੋਂ ਮੁੱਢਲੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪਿੰਡ ਢੱਕੋਵਾਲ ਦੀ ਸਰਪੰਚ ਅਤੇ ਹੋਰ ਮੋਹਤਬਰਾਂ ਨੇ ਪੁਲਸ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਹੈ ਕਿ ਚੋਰੀ ਦੀਆਂ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਚੋਰਾਂ ਨੂੰ ਗ੍ਰਿਫ਼ਤਾਰ ਕਰਕੇ ਜੇਲ ਭੇਜਿਆ ਜਾਵੇ।