ਮੰਡੀ ਘੁਬਾਇਆ, 5 ਦਸੰਬਰ – ਸਵ. ਹਰਕ੍ਰਿਸ਼ਨ ਲਾਲ ਦੀ ਯਾਦ ਵਿੱਚ ਤੀਸਰਾ ਵਿਸ਼ਾਲ ਲੈਦਰ ਕ੍ਰਿਕਟ ਟੂਰਨਾਮੈਂਟ ਮੰਡੀ ਘੁਬਾਇਆ ਵਿੱਚ ਅੱਜ ਤੋਂ ਪੂਰੀ ਧੂਮਧਾਮ ਨਾਲ ਸ਼ੁਰੂ ਹੋ ਗਿਆ। ਘੁਬਾਇਆ ਯੂਥ ਸਪੋਰਟਸ ਕਲੱਬ ਵੱਲੋਂ ਕਰਵਾਏ ਜਾ ਰਹੇ ਇਸ ਕ੍ਰਿਕਟ ਟੂਰਨਾਮੈਂਟ ਵਿੱਚ ਪੰਜਾਬ ਤੋਂ ਇਲਾਵਾ ਆਸ-ਪਾਸ ਦੇ ਰਾਜਾਂ ਦੀਆਂ 32 ਦੇ ਕਰੀਬ ਟੀਮਾਂ ਹਿੱਸਾ ਲੈ ਰਹੀਆਂ ਹਨ।ਟੂਰਨਾਮੈਂਟ ਦਾ ਉਦਘਾਟਨ ਪਿੰਡ ਘੁਬਾਇਆ ਅਤੇ ਚੱਕ ਘੁਬਾਇਆ ਗ੍ਰਾਮ ਪੰਚਾਇਤ ਦੇ ਸਰਪੰਚ ਰਾਜੂ ਸਿੰਘ ਅਤੇ ਡਾ: ਅਹਿਲਕਾਰ ਸਿੰਘ ਸਮੇਤ ਹੋਰ ਪੰਚਾਇਤ ਮੈਂਬਰਾਂ ਅਤੇ ਕਲੱਬ ਦੇ ਅਹੁਦੇਦਾਰਾਂ ਨੇ ਮਿਲ ਕੇ ਕੀਤਾ।
ਇਸ ਮੌਕੇ ਯੂਥ ਆਗੂ ਨਰੇਸ਼ ਸਿੰਘ, ਰਿੰਕੂ ਕੁਮਾਰ, ਵਿਪਨ ਚੁਚਰਾ, ਵਿਨੋਦ ਕੰਬੋਜ, ਅਮਨ ਸਿੰਘ, ਸਚਿਨ ਸਿੰਘ, ਵਿੱਕੀ ਘੁਬਾਇਆ, ਛਿੰਦਰ ਸਿੰਘ, ਮਿ. ਸੋਢੀ ਅਤੇ ਹੋਰ ਕਲੱਬ ਮੈਂਬਰ ਵੀ ਹਾਜ਼ਰ ਸਨ।ਟੂਰਨਾਮੈਂਟ ਦੀ ਸ਼ੁਰੂਆਤ ਮੌਕੇ ਸਮੂਹ ਕਲੱਬ ਮੈਂਬਰਾਂ ਨੇ ਮਿਲ ਕੇ ਅਰਦਾਸ ਕੀਤੀ। ਇਸ ਤੋਂ ਬਾਅਦ ਸਮੂਹ ਮਹਿਮਾਨਾਂ ਨੇ ਪਹਿਲਾ ਮੈਚ ਖੇਡ ਰਹੇ ਫਤਿਹਗੜ੍ਹ ਅਤੇ ਕਾਂਨਿਆ ਵਾਲੀ ਕ੍ਰਿਕਟ ਟੀਮ ਦੇ ਖਿਡਾਰੀਆਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਵਧਾਈ ਦਿੱਤੀ।ਇਸ ਮੌਕੇ ਗ੍ਰਾਮ ਪੰਚਾਇਤ ਦੇ ਸਰਪੰਚ ਅਤੇ ਮੁੱਖ ਮਹਿਮਾਨ ਡਾ: ਅਹਿਲਕਾਰ ਸਿੰਘ ਅਤੇ ਰਾਜੂ ਸਿੰਘ ਨੇ ਕਿਹਾ ਕਿ ਕਲੱਬ ਮੈਂਬਰਾਂ ਨੇ ਲਗਾਤਾਰ ਤੀਜੇ ਸਾਲ ਟੂਰਨਾਮੈਂਟ ਕਰਵਾ ਕੇ ਨੌਜਵਾਨਾਂ ਨੂੰ ਚੰਗੀ ਸੇਧ ਦੇਣ ਦਾ ਯਤਨ ਕੀਤਾ ਹੈ | ਖੇਡ ਮੁਕਾਬਲੇ ਕਰਵਾਉਣ ਨਾਲ ਨੌਜਵਾਨਾਂ ਦੀ ਸੋਚ ਸੂਬੇ ਅਤੇ ਪਿੰਡ ਦੇ ਵਿਕਾਸ ਵੱਲ ਜਾਂਦੀ ਹੈ ਅਤੇ ਉਹ ਨਸ਼ਿਆਂ ਤੋਂ ਵੀ ਦੂਰ ਰਹਿੰਦੇ ਹਨ।
ਉਨਾਂ ਨੇ ਇਹ ਵੀ ਕਿਹਾ ਕਿ ਸੂਬੇ ਅੰਦਰ ਭਗਵੰਤ ਮਾਨ ਸਰਕਾਰ ਵੱਲੋਂ ਵੀ ਜ਼ਮੀਨੀ ਪੱਧਰ ਤੋਂ ਲਗਾਤਾਰ ਖੇਡ ਮੁਕਾਬਲੇ ਕਰਵਾਏ ਜਾ ਰਹੇ ਹਨ ਤਾਂ ਜੋ ਪਿੰਡ ਪੱਧਰ ‘ਤੇ ਹੀ ਹੋਣਹਾਰ ਖਿਡਾਰੀਆਂ ਦੀ ਪਛਾਣ ਹੋ ਸਕੇ। ਇਸ ਤੋਂ ਇਲਾਵਾ ਸਰਕਾਰ ਵੱਲੋਂ ਸਾਰੇ ਖਿਡਾਰੀਆਂ ਨੂੰ ਵੱਡੇ ਮੈਚਾਂ ਦੀ ਤਿਆਰੀ ਲਈ ਵੱਡੀ ਰਕਮ ਵੀ ਦਿੱਤੀ ਜਾ ਰਹੀ ਹੈ।ਡਾ: ਅਹਿਲਕਾਰ ਅਤੇ ਰਾਜੂ ਸਿੰਘ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਅੰਤਰਰਾਸ਼ਟਰੀ ਪੱਧਰ ‘ਤੇ ਪੰਜਾਬ ਦੇ ਖਿਡਾਰੀਆਂ ਦਾ ਦਬਦਬਾ ਦੇਖਣ ਨੂੰ ਮਿਲੇਗਾ |
ਇਸ ਦੌਰਾਨ ਘੁਬਾਇਆ ਯੂਥ ਸਪੋਰਟਸ ਕਲੱਬ ਦੇ ਅਹੁਦੇਦਾਰ ਨਰੇਸ਼ ਸਿੰਘ ਨੇ ਦੱਸਿਆ ਕਿ ਇਹ ਟੂਰਨਾਮੈਂਟ ਕਰੀਬ ਤਿੰਨ ਹਫ਼ਤੇ ਚੱਲੇਗਾ ਅਤੇ ਫਾਈਨਲ ਮੈਚ ਦਸੰਬਰ ਦੇ ਅਖੀਰਲੇ ਹਫ਼ਤੇ ਹੋਵੇਗਾ | ਇਸ ਟੂਰਨਾਮੈਂਟ ਵਿੱਚ ਜੇਤੂ ਟੀਮ ਨੂੰ 31,000 ਰੁਪਏ ਦਾ ਨਕਦ ਇਨਾਮ ਅਤੇ ਟਰਾਫੀ ਅਤੇ ਉਪ ਜੇਤੂ ਟੀਮ ਨੂੰ 17,000 ਰੁਪਏ ਦਾ ਨਕਦ ਇਨਾਮ ਅਤੇ ਟਰਾਫੀ ਦਿੱਤੀ ਜਾਵੇਗੀ।ਇਸ ਤੋਂ ਇਲਾਵਾ ਮੈਨ ਆਫ ਦਾ ਮੈਚ ਅਤੇ ਮੈਨ ਆਫ ਦਾ ਟੂਰਨਾਮੈਂਟ ਤੋਂ ਇਲਾਵਾ ਬੈਸਟ ਬੱਲੇਬਾਜ਼ ਅਤੇ ਬੈਸਟ ਗੇਂਦਬਾਜ਼ ਵਰਗੇ ਐਵਾਰਡ ਵੀ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਕਲੱਬ ਵੱਲੋਂ ਭਵਿੱਖ ਵਿੱਚ ਵੀ ਅਜਿਹੇ ਖੇਡ ਟੂਰਨਾਮੈਂਟ ਕਰਵਾਏ ਜਾਂਦੇ ਰਹਿਣਗੇ।