ਚੰਡੀਗੜ੍ਹ : ਗੈਸ, ਐਸੀਡਿਟੀ ਤੇ ਪੇਟ ਦੀਆਂ ਹੋਰ ਬਿਮਾਰੀਆਂ ਦੇ ਇਲਾਜ ਲਈ ਵਰਤੀਆਂ ਜਾਣ ਵਾਲੀਆਂ ਦਵਾਈਆਂ, ਜਿਨ੍ਹਾਂ ਨੂੰ ਪ੍ਰੋਟੋਨ ਪੰਪ ਇਨਹਿਬਿਟਰ (ਪੀ. ਪੀ. ਆਈ.) ਕਿਹਾ ਜਾਂਦਾ ਹੈ, ਲੰਬੇ ਸਮੇਂ ਤੱਕ ਲੈਣ ਨਾਲ ਸਰੀਰ ’ਚ ਵਿਟਾਮਿਨ ਬੀ-12 ਦੀ ਕਮੀ ਹੋ ਸਕਦੀ ਹੈ। ਇਹ ਖ਼ੁਲਾਸਾ ਪੀ. ਜੀ. ਆਈ. ਦੀ ਖੋਜ ’ਚ ਹੋਇਆ ਹੈ। ਪੀ. ਜੀ. ਆਈ. ਦੇ ਗੈਸਟਰੋਐਂਟਰੋਲੋਜੀ ਵਿਭਾਗ ਵੱਲੋਂ ਕੀਤੇ ਵਿਸ਼ਲੇਸ਼ਣਾਤਮਕ ਅਧਿਐਨ ’ਚ 25 ਕੌਮਾਂਤਰੀ ਅਧਿਐਨਾਂ ਦੀ ਸਮੀਖਿਆ ਕੀਤੀ ਗਈ, ਜਿਸ ’ਚ 28 ਹਜ਼ਾਰ ਤੋਂ ਵੱਧ ਮਰੀਜ਼ ਸ਼ਾਮਲ ਸਨ। ਇਨ੍ਹਾਂ ’ਚੋਂ ਕਰੀਬ 2,800 ਲੋਕ ਲੰਬੇ ਸਮੇਂ ਤੋਂ ਨਿਯਮਿਤ ਤੌਰ ’ਤੇ ਪੀ. ਪੀ. ਆਈ. ਦਵਾਈਆਂ ਵਰਤ ਰਹੇ ਸਨ। ਪਤਾ ਲੱਗਾ ਕਿ ਇਹ ਦਵਾਈਆਂ ਪੇਟ ’ਚ ਐਸਿਡ ਦੇ ਉਤਪਾਦਨ ਨੂੰ ਘਟਾਉਂਦੀਆਂ ਹਨ, ਜਿਸ ਨਾਲ ਭੋਜਨ ’ਚੋਂ ਵਿਟਾਮਿਨ ਬੀ-12 ਨੂੰ ਸਰੀਰ ’ਚ ਅਵਸ਼ੋਸ਼ਿਤ ਹੋਣ ’ਚ ਰੁਕਾਵਟ ਆਉਂਦੀ ਹੈ। ਹਾਲਾਂਕਿ ਖੋਜ ਵਿਚ ਇਹ ਵੀ ਦੱਸਿਆ ਗਿਆ ਹੈ ਕਿ ਇਹ ਸਬੰਧ ਬਹੁਤ ਮਜ਼ਬੂਤ ਨਹੀਂ ਹੈ, ਫਿਰ ਵੀ ਲੰਬੇ ਸਮੇਂ ਤੱਕ ਪੀ. ਪੀ. ਆਈ. ਲੈਣ ਵਾਲਿਆਂ ਨੂੰ ਥੋੜ੍ਹਾ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਗਈ ਹੈ। ਖ਼ਾਸ ਤੌਰ ’ਤੇ ਜਿਨ੍ਹਾਂ ਲੋਕਾਂ ਨੂੰ ਜ਼ੋਲਿੰਗਰ ਐਲੀਸਨ ਸਿੰਡਰੋਮ ਜਾਂ ਇਰੋਸਿਵ ਇਸੋਫੈਜਾਈਟਿਸ ਵਰਗੀਆਂ ਸੱਮਸਿਆਵਾਂ ਹਨ, ਉਨ੍ਹਾਂ ਨੂੰ ਵਿਟਾਮਿਨ ਬੀ-12 ਦੀ ਨਿਯਮਤ ਤੌਰ ’ਤੇ ਜਾਂਚ ਕਰਵਾਉਣੀ ਚਾਹੀਦੀ ਹੈ।