ਜੈਪੁਰ- ਰਾਜਸਥਾਨ ਵਿਚ ਕਈ ਥਾਵਾਂ ਅਤੇ ਰੇਲਵੇ ਸਟੇਸ਼ਨਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਵਾਲੀ ਇਕ ਚਿੱਠੀ ਮਿਲੀ ਹੈ। ਜਿਸ ਤੋਂ ਬਾਅਦ ਪੁਲਸ ਅਤੇ ਸੁਰੱਖਿਆ ਏਜੰਸੀਆਂ ਚੌਕਸ ਹੋ ਗਈਆਂ ਹਨ। ਪੁਲਸ ਨੇ ਦੱਸਿਆ ਕਿ ਹਨੂੰਮਾਨਗੜ੍ਹ ਰੇਲਵੇ ਸਟੇਸ਼ਨ ‘ਤੇ ਮੰਗਲਵਾਰ ਨੂੰ ਧਮਕੀ ਭਰੀ ਚਿੱਠੀ ਮਿਲੀ। ਹਨੂੰਮਾਨਗੜ੍ਹ ਦੇ ਵਧੀਕ ਪੁਲਸ ਸੁਪਰਡੈਂਟ ਪਿਆਰੇ ਲਾਲ ਮੀਨਾ ਨੇ ਦੱਸਿਆ ਕਿ ਇਕ ਲਿਫ਼ਾਫ਼ੇ ਵਿਚ ਬੰਦ ਚਿੱਠੀ ਡਾਕ ਰਾਹੀਂ ਹਨੂੰਮਾਨਗੜ੍ਹ ਸਟੇਸ਼ਨ ਮਾਸਟਰ ਨੂੰ ਭੇਜੀ ਗਈ ਸੀ। ਸਥਾਨਕ ਪੁਲਸ ਨੂੰ ਸ਼ਾਮ ਨੂੰ ਇਸ ਦੀ ਸੂਚਨਾ ਮਿਲੀ।
ਵਧੀਕ ਪੁਲਸ ਸੁਪਰਡੈਂਟ ਨੇ ਕਿਹਾ ਕਿ ਚਿੱਠੀ ‘ਚ ਜੈਸ਼-ਏ-ਮੁਹੰਮਦ ਦੇ ਨਾਂ ‘ਤੇ ਧਮਕੀ ਦਿੱਤੀ ਗਈ ਹੈ। ਇਸ ਧਮਕੀ ਭਰੀ ਚਿੱਠੀ ਵਿਚ ਲਿਖਿਆ ਗਿਆ ਕਿ 30 ਅਕਤੂਬਰ ਨੂੰ ਰੇਲਵੇ ਸਟੇਸ਼ਨਾਂ ਅਤੇ ਗੰਗਾਨਗਰ, ਹਨੂੰਮਾਨਗੜ੍ਹ, ਜੋਧਪੁਰ, ਬੀਕਾਨੇਰ, ਕੋਟਾ, ਬੂੰਦੀ, ਉਦੈਪੁਰ, ਜੈਪੁਰ ਨੂੰ ਬੰਬ ਨਾਲ ਉਡਾ ਦਿੱਤਾ ਜਾਵੇਗਾ। ਉਨ੍ਹਾਂ ਨੇ ਦੱਸਿਆ ਕਿ ਸੂਚਨਾ ‘ਤੇ ਸਥਾਨਕ ਪੁਲਸ ਸਮੇਤ ਹੋਰ ਸੁਰੱਖਿਆ ਏਜੰਸੀਆਂ ਰੇਲਵੇ ਸਟੇਸ਼ਨ ਪਹੁੰਚੀਆਂ ਅਤੇ ਤਲਾਸ਼ੀ ਲਈ। ਪੁਲਸ ਸੁਪਰਡੈਂਟ ਮੀਣਾ ਮੁਤਾਬਕ ਧਮਕੀ ਭਰੀ ਚਿੱਠੀ ਭੇਜੇ ਜਾਣ ਦੇ ਸਬੰਧ ਵਿਚ ਰੇਲਵੇ ਪੁਲਸ ਥਾਣੇ ਵਿਚ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਚਿੱਠੀ ਭੇਜਣ ਵਾਲੇ ਦਾ ਪਤਾ ਲਾਉਣ ਲਈ ਜਾਂਚ ਕੀਤੀ ਜਾ ਰਹੀ ਹੈ।