ਬਟਾਲਾ – ਬਟਾਲਾ ਦੇ ਥਾਣਾ ਘਣੀਏ ਕੇ ਬਾਂਗਰ ਵਿਖੇ ਦੇਰ ਰਾਤ ਕੁਝ ਸ਼ੱਕੀ ਲੋਕਾਂ ਵੱਲੋਂ ਗ੍ਰਨੇਡ ਨੁਮਾ ਚੀਜ਼ ਸੁੱਟੀ ਗਈ। ਰਾਹਤ ਦੀ ਗੱਲ ਹੈ ਕਿ ਗ੍ਰਨੇਡ ਕਿਸੇ ਕਾਰਨ ਫਟਿਆ ਨਹੀਂ, ਜਿਸ ਕਾਰਨ ਵੱਡਾ ਹਾਦਸਾ ਹੋਣੋਂ ਟਲ ਗਿਆ। ਸੂਤਰਾਂ ਅਨੁਸਾਰ ਇਕ ਮੋਟਰਸਾਈਕਲ ‘ਤੇ ਦੋ ਨੌਜਵਾਨ ਆਏ ਅਤੇ ਉਨ੍ਹਾਂ ਥਾਣੇ ਵੱਲ ਇਕ ਗ੍ਰਨੇਡ ਨੁਮਾ ਚੀਜ਼ ਸੁੱਟੀ। ਸੀ. ਸੀ. ਟੀ. ਵੀ. ਕੈਮਰੇ ਦੀ ਮਦਦ ਨਾਲ ਥਾਣੇ ‘ਤੇ ਹਮਲਾ ਕਰਨ ਵਾਲੇ ਨੌਜਵਾਨਾਂ ਦੀ ਪੈੜ ਨੱਪ ਰਹੀ ਹੈ।
ਉਥੇ ਹੀ ਪੁਲਸ ਨਾਕਿਆਂ ‘ਤੇ ਆਈ. ਡੀ. ਜਾਂ ਗ੍ਰਨੇਡ ਨਾਲ ਹਮਲਾ ਕਰਨ ਦੀ ਚਿਤਾਵਨੀ ਵੀ ਦਿੱਤੀ ਗਈ ਹੈ। ਹਾਲਾਂਕਿ ਐੱਸ. ਐੱਸ. ਪੀ. ਬਟਾਲਾ ਇਸ ਬਾਰੇ ਜਾਣਕਾਰੀ ਨਹੀਂ ਦੇ ਰਹੇ ਹਨ। ਉੱਧਰ ਹਮਲੇ ਦੀ ਸਾਜ਼ਿਸ਼ ਤੋਂ ਬਾਅਦ ਪੁਲਸ ਇਕਦਮ ਚੌਕਸ ਹੋ ਗਈ। ਦੇਰ ਰਾਤ ਮਿਲੀ ਘਟਨਾ ਦੀ ਸੂਚਨਾ ਤੋਂ ਬਾਅਦ ਏ. ਡੀ. ਜੀ. ਪੀ. ਪੰਜਾਬ ਨੌਨਿਹਾਲ ਸਿੰਘ ਵੀ ਮੌਕੇ ‘ਤੇ ਪੁੱਜੇ, ਹਾਲਾਂਕਿ ਪੁਲਸ ਨੇ ਇਸ ਬਾਰੇ ਕੋਈ ਵੀ ਪੁਸ਼ਟੀ ਨਹੀਂ ਕੀਤੀ ਹੈ ਅਤੇ ਏ. ਡੀ. ਜੀ. ਪੀ. ਦੇ ਦੌਰੇ ਨੂੰ ਰੂਟੀਨ ਦਾ ਦੌਰਾ ਦੱਸਿਆ ਗਿਆ ਹੈ। ਉਧਰ ਥਾਣਾ ਘਣੀਏ ਕੇ ਬਾਂਗਰ ਦੀ ਪੁਲਸ ਨੇ ਸੁਰੱਖਿਆ ਨੂੰ ਮੁੱਖ ਰੱਖਦਿਆਂ ਥਾਣੇ ਦੀ ਚਾਰਦੀਵਾਰੀ ਹੋਰ ਉੱਚੀ ਕਰਨੀ ਸ਼ੁਰੂ ਕਰ ਦਿੱਤੀ ਹੈ ਅਤੇ ਨਾਲ ਹੀ ਥਾਣੇ ਦੇ ਬਾਹਰ ਲੱਗੇ ਹੋਏ ਸੀ. ਸੀ. ਟੀ. ਵੀ. ਕੈਮਰਿਆਂ ਦੀ ਸਮਰੱਥਾ ਵੀ ਵਧਾਈ ਜਾ ਰਹੀ ਹੈ।