ਚੰਡੀਗੜ੍ਹ: ਕੇਂਦਰੀ ਖ਼ੁਫ਼ੀਆ ਏਜੰਸੀਆਂ ਨੇ ਪੰਜਾਬ ਵਿਚ 26 ਜਨਵਰੀ ਮੌਕੇ ਗਣਤੰਤਰ ਦਿਵਸ ‘ਤੇ ਹਾਈ ਅਲਰਟ ਜਾਰੀ ਕੀਤਾ ਹੈ। ਖ਼ੁਫ਼ੀਆ ਏਜੰਸੀਆਂ ਨੇ ਪਾਕਿਸਤਾਨ ਦੇ ਨਾਲ ਲੱਗਦੇ ਜ਼ਿਲ੍ਹਿਆਂ ਸਮੇਤ 13 ਥਾਵਾਂ ਅਤੇ 8 VIPs ਨੂੰ ਵਿਦੇਸ਼ਾਂ ਵਿਚ ਬੈਠੇ ਅੱਤਵਾਦੀਆਂ ਤੋਂ ਖ਼ਤਰੇ ਬਾਰੇ ਆਗਾਹ ਕੀਤਾ ਹੈ। ਖ਼ਦਸ਼ਾ ਹੈ ਕਿ ਗਣਤੰਤਰ ਦਿਵਸ ਸਮਾਗਮ ਦੌਰਾਨ ਵਿਦੇਸ਼ਾਂ ਵਿਚ ਬੈਠੇ ਅੱਤਵਾਦੀ ਆਪਣੇ ਗੁਰਗਿਆਂ ਜ਼ਰੀਏ ਕਿਸੇ ਵਾਰਦਾਤ ਨੂੰ ਅੰਜਾਮ ਦੇ ਸਕਦੇ ਹਨ। ਇਸ ਦੇ ਮੱਦੇਨਜ਼ਰ ਕੇਂਦਰੀ ਗ੍ਰਹਿ ਮੰਤਰਾਲੇ ਨੇ ਪੰਜਾਬ ਸਟੇਟ ਇੰਟੈਲੀਜੈਂਸ ਨੂੰ ਅਲਟ ਕਰਨ ਦੇ ਨਾਲ ਪੰਜਾਬ ਪੁਲਸ ਨੂੰ ਸੁਰੱਖਿਆ ਸਬੰਧੀ ਰਿਵੀਊ ਕਰਨ ਅਤੇ ਲੋੜ ਮੁਤਾਬਕ ਸਿਕਿਓਰਿਟੀ ਵਿਚ ਵਾਧਾ ਕਰਨ ਦੇ ਨਿਰਦੇਸ਼ ਵੀ ਦਿੱਤੇ ਹਨ।
ਕੇਂਦਰੀ ਗ੍ਰਹਿ ਮੰਤਰਾਲੇ ਨੇ ਸਿੱਧੇ ਤੌਰ ‘ਤੇ ਪੰਜਾਬ ਵਿਚ ਸੁਰੱਖਿਆ ਪ੍ਰਬੰਧਾਂ ਨੂੰ ਕਾਇਮ ਰੱਖਦਿਆਂ ਚੌਕੰਨੇ ਰਹਿਣ ਲਈ ਵੀ ਕਿਹਾ ਹੈ। ਕੇਂਦਰੀ ਗ੍ਰਹਿ ਮੰਤਰਾਲੇ ਦੇ ਹੁਕਮਾਂ ‘ਤੇ ਪੰਜਾਬ ਵਿਚ ਖ਼ੁਫ਼ੀਆ ਏਜੰਸੀਆਂ ਦੀ ਮੀਟਿੰਗ ਵਿਚ ਅੰਮ੍ਰਿਤਸਰ, ਲੁਧਿਆਣਾ, ਜਲੰਧਰ, ਪਟਿਆਲਾ, ਬਠਿੰਡਾ, ਮੋਗਾ, ਰੋਪੜ, ਫਿਰੋਜ਼ਪੁਰ, ਫਾਜ਼ਿਲਕਾ, ਨਵਾਂਸ਼ਹਿਰ, ਫਰੀਦਕੋਟ, ਸੰਗਰੂਰ ਸਮੇਤ ਸਾਰੇ ਵੱਡੇ ਸ਼ਹਿਰਾਂ ਵਿਚ ਮੌਜੂਦਾ ਸੁਰੱਖਿਆ ਪ੍ਰਬੰਧਾਂ ਨੂੰ ਹੋਰ ਪੁਖ਼ਤਾ ਕਰਨ ਦੇ ਹੁਕਮ ਦਿੱਤੇ ਗਏ ਹਨ। ਇਸ ਲਈ ਇੰਟੈਲੀਜੈਂਸ ਚੀਫ਼, ਕਾਊਂਟਰ ਇੰਟੈਲੀਜੈਂਸ, STF ਤੇ AGTF ਦੇ ਸਾਰੇ ਅਫ਼ਸਰਾਂ ਨੂੰ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਉਹ ਗੈਂਗਸਟਰਾਂ-ਅੱਤਵਾਦੀਆਂ ਤੇ ਹੋਰ ਸ਼ਰਾਰਤੀ ਅਨਸਰਾਂ ‘ਤੇ ਵਿਸ਼ੇਸ਼ ਤੌਰ ‘ਤੇ ਧਿਆਨ ਰੱਖਣ ਲਈ ਜੇਲ੍ਹਾਂ ਵਿਚ ਬੰਦ ਮੁਲਜ਼ਮਾਂ ‘ਤੇ ਵਿਸ਼ੇਸ਼ ਨਜ਼ਰ ਰੱਖੀ ਜਾਵੇ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ, ਸੁਖਬੀਰ ਸਿੰਘ ਬਾਦਲ, ਪ੍ਰਤਾਪ ਸਿੰਘ ਬਾਜਵਾ, ਸੁਨੀਲ ਜਾਖੜ, ਕੈਪਟਨ ਅਮਰਿੰਦਰ ਸਿੰਘ, ਚਰਨਜੀਤ ਸਿੰਘ ਚੰਨੀ ਤੇ ਹੋਰ VIPs ਦੀ ਸੁਰੱਖਿਆ ਨੂੰ ਰਿਵੀਊ ਕਰਨ ਲਈ ਆਖਿਆ ਗਿਆ ਹੈ। ਲੋੜ ਪੈਣ ‘ਤੇ ਇਨ੍ਹਾਂ ਦੀ ਸੁਰੱਖਿਆ ਵਧਾਈ ਵੀ ਜਾ ਸਕਦੀ ਹੈ।