ਚੰਡੀਗੜ੍ਹ : ਦਿੱਲੀ ਦੇ ਇਕ ਹੋਟਲ ’ਚ ਬੰਬ ਦੀ ਧਮਕੀ ਮਿਲਣ ਤੋਂ ਬਾਅਦ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਵੀਰਵਾਰ ਨੂੰ ਚੰਡੀਗੜ੍ਹ ਪੁਲਸ ਆਈ. ਟੀ. ਪਾਰਕ ਸਥਿਤ ਹੋਟਲ ਦੀ ਚੈਕਿੰਗ ਕਰਨ ਲਈ ਡੌਗ ਸਕੁਆਇਡ ਅਤੇ ਬੰਬ ਨਿਰੋਧਕ ਦਸਤੇ ਨਾਲ ਪੁੱਜੀ। ਪੁਲਸ ਨੇ ਹੋਟਲ ਦੇ ਹਰ ਕੋਨੇ-ਕੋਨੇ ਦੀ ਤਲਾਸ਼ੀ ਲਈ। ਆਈ. ਟੀ. ਪਾਰਕ ਥਾਣਾ ਪੁਲਸ ਨੇ ਹੋਟਲ ਦੇ ਅੰਦਰ ਜਾਣ ਵਾਲੇ ਲੋਕਾਂ ਦੀ ਚੈਕਿੰਗ ਵਧਾ ਦਿੱਤੀ ਹੈ। ਇਸ ਤੋਂ ਇਲਾਵਾ ਬਾਹਰ ਪੀ. ਸੀ. ਆਰ. ਗੱਡੀ ਤਾਇਨਾਤ ਕਰ ਦਿੱਤੀ ਗਈ ਹੈ।ਹੋਟਲ ਦੇ ਸੀ. ਐੱਸ. ਓ. ਨੇ ਦੱਸਿਆ ਕਿ ਦਿੱਲੀ ਵਿਚ ਇੱਕ ਈ-ਮੇਲ ਰਾਹੀਂ ਧਮਕੀ ਦਿੱਤੀ ਗਈ ਸੀ ਕਿ ਦੁਪਹਿਰ ਵੇਲੇ ਹੋਟਲ ਨੂੰ ਬੰਬ ਨਾਲ ਉਡਾ ਦਿੱਤਾ ਜਾਵੇਗਾ। ਇਸ ਕਾਰਨ ਉਨ੍ਹਾਂ ਵੱਲੋਂ ਚੰਡੀਗੜ੍ਹ ਪੁਲਸ ਨੂੰ ਈ-ਮੇਲ ਦੀ ਜਾਣਕਾਰੀ ਦਿੰਦਿਆਂ ਸ਼ਿਕਾਇਤ ਦਿੱਤੀ ਗਈ। ਇਸ ਤੋਂ ਬਾਅਦ ਚੰਡੀਗੜ੍ਹ ਪੁਲਸ ਦੀਆਂ ਸਾਰੀਆਂ ਟੀਮਾਂ ਨੇ ਜਾਂਚ ਕੀਤੀ ਅਤੇ ਹੋਟਲ ਦੇ ਆਲੇ-ਦੁਆਲੇ ਸੁਰੱਖਿਆ ਪ੍ਰਬੰਧ ਮਜ਼ਬੂਤ ਕਰ ਦਿੱਤੇ ਗਏ ਹਨ।