ਮਹਾਰਾਸ਼ਟਰ ਵਿੱਚ ਸੁਰੱਖਿਆ ਬਲਾਂ ਨੇ ਅੱਜ ਮੁੱਠਭੇੜ ਦੌਰਾਨ ਤਿੰਨ ਨਕਸਲੀਆਂ ਨੂੰ ਮਾਰ ਮੁਕਾਇਆ। ਘਟਨਾ ਮਹਾਰਾਸ਼ਟਰ ਦੇ ਗੜ੍ਹਚਿਰੌਲੀ ਦੀ ਦੱਸੀ ਜਾ ਰਹੀ ਹੈ। ਘਟਨਾ ਦੀ ਜਾਣਕਾਰੀ ਦਿੰਦਿਆਂ ਐਸਪੀ ਨੀਲੋਤਪਾਲ ਨੇ ਦੱਸਿਆ ਕਿ ਖੁਫੀਆ ਸੂਚਨਾ ਦੇ ਆਧਾਰ ‘ਤੇ ਕਾਰਵਾਈ ਕੀਤੀ ਗਈ ਹੈ। ਸੁਰੱਖਿਆ ਬਲਾਂ ਨੂੰ ਸੂਚਨਾ ਮਿਲੀ ਕਿ ਨਕਸਲਵਾਦੀਆਂ ਦੇ ਪੇਰੀਮੀਲੀ ਦਲਮ ਦੇ ਕੁਝ ਮੈਂਬਰ ਭਮਰਾਗੜ੍ਹ ਤਾਲੁਕਾ ਦੇ ਕਟਰਾਂਗਟਾ ਪਿੰਡ ਦੇ ਨੇੜੇ ਜੰਗਲ ‘ਚ ਵਿਨਾਸ਼ਕਾਰੀ ਗਤੀਵਿਧੀਆਂ ਨੂੰ ਅੰਜਾਮ ਦੇਣ ਲਈ ਡੇਰੇ ਲਾਏ ਹੋਏ ਹਨ।
ਸੂਚਨਾ ਮਿਲਣ ਤੋਂ ਬਾਅਦ ਗੜ੍ਹਚਿਰੌਲੀ ਪੁਲਿਸ ਦੀ ਵਿਸ਼ੇਸ਼ ਲੜਾਕੂ ਸ਼ਾਖਾ ਸੀ-60 ਕਮਾਂਡੋਜ਼ ਦੀਆਂ ਦੋ ਟੁਕੜੀਆਂ ਨੂੰ ਤੁਰੰਤ ਇਲਾਕੇ ਦੀ ਤਲਾਸ਼ੀ ਲਈ ਭੇਜਿਆ ਗਿਆ। ਟੀਮਾਂ ਤਲਾਸ਼ੀ ਮੁਹਿੰਮ ਚਲਾ ਰਹੀਆਂ ਸੀ ਇਸ ਦੌਰਾਨ ਨਕਸਲੀਆਂ ਨੇ ਫ਼ੌਜੀ ਜਵਾਨਾ ‘ਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ। ਸੀ.-60 ਕਮਾਂਡੋਜ਼ ਨੇ ਵੀ ਗੋਲੀਬਾਰੀ ਦਾ ਜ਼ਬਰਦਸਤ ਜਵਾਬ ਦਿੱਤਾ। ਬਾਅਦ ਵਿੱਚ ਉਥੋਂ ਇੱਕ ਮਰਦ ਅਤੇ ਦੋ ਮਹਿਲਾ ਨਕਸਲੀਆਂ ਦੀਆਂ ਲਾਸ਼ਾਂ ਬਰਾਮਦ ਹੋਈਆਂ। ਮ੍ਰਿਤਕਾਂ ਵਿੱਚੋਂ ਇੱਕ ਦੀ ਪਛਾਣ ਪੇਰੀਮੀਲੀ ਦਲਮ ਦੇ ਇੰਚਾਰਜ ਅਤੇ ਕਮਾਂਡਰ ਵਾਸੂ ਵਜੋਂ ਹੋਈ ਹੈ। ਮੌਕੇ ‘ਤੇ ਇਕ ਏ.ਕੇ.-47 ਰਾਈਫਲ, ਇਕ ਕਾਰਬਾਈਨ, ਇਕ ਇੰਨਸਾਸ ਰਾਈਫਲ, ਨਕਸਲੀ ਸਾਹਿਤ ਅਤੇ ਹੋਰ ਸਾਮਾਨ ਜ਼ਬਤ ਕੀਤਾ ਗਿਆ। ਫਿਲਹਾਲ ਪੁਲਿਸ ਵੱਲੋਂ ਇਲਾਕੇ ‘ਚ ਨਕਸਲ ਵਿਰੋਧੀ ਆਪ੍ਰੇਸ਼ਨ ਤਹਿਤ ਤਲਾਸ਼ੀ ਮੁਹਿੰਮ ਜਾਰੀ ਹੈ।