ਪੰਜਾਬ ਦੇ ਜਲੰਧਰ ‘ਚ ਬੁੱਧਵਾਰ ਸਵੇਰੇ ਇਕ ਤੇਜ਼ ਰਫਤਾਰ ਟਿੱਪਰ ਨੇ ਬਾਈਕ ਸਵਾਰ ਪਿਓ-ਪੁੱਤ ਨੂੰ ਕੁਚਲ ਦਿੱਤਾ। ਦੋਵਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਹ ਹਾਦਸਾ ਨਕੋਦਰ ਰੋਡ ‘ਤੇ ਖਾਲਸਾ ਸਕੂਲ ਨੇੜੇ ਵਾਪਰਿਆ। ਦੋਵਾਂ ਦੇ ਸਰੀਰ ਦੇ ਟੁਕੜੇ-ਟੁਕੜੇ ਕਰ ਦਿੱਤੇ ਗਏ। ਭਾਰਗਵ ਕੈਂਪ ਥਾਣਾ ਪੁਲਸ ਨੇ ਦੋਵਾਂ ਦੀਆਂ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਹਸਪਤਾਲ ਭੇਜ ਦਿੱਤਾ ਹੈ।ਮ੍ਰਿਤਕਾਂ ਦੀ ਪਛਾਣ ਜਸਵੀਰ ਸਿੰਘ (42) ਅਤੇ ਕਰਮਣ ਸਿੰਘ (16) ਵਾਸੀ ਪਿੰਡ ਹੇਰਾਂ ਵਜੋਂ ਹੋਈ ਹੈ। ਜਸਵੀਰ ਦੇ ਜੀਜਾ ਮਹਿੰਦਰ ਸਿੰਘ ਨੇ ਦੱਸਿਆ ਕਿ ਅੱਜ ਧੀ ਦਾ ਵਿਆਹ ਸੀ। ਅਸੀਂ ਸਬਜ਼ੀ ਲੈਣ ਲਈ ਮਕਸੂਦਾਂ ਮੰਡੀ ਜਾਣਾ ਸੀ। ਮੈਂ ਸਾਈਕਲ ‘ਤੇ ਥੋੜ੍ਹਾ ਅੱਗੇ ਗਿਆ। ਜਸਵੀਰ ਤੇ ਕਰਮਨ ਦੂਸਰੀ ਬਾਈਕ ‘ਤੇ ਆ ਰਹੇ ਸਨ। ਕੁਝ ਦੂਰ ਜਾ ਕੇ ਜਦੋਂ ਜਸਵੀਰ ਨਾ ਆਇਆ ਤਾਂ ਉਸ ਨੇ ਫੋਨ ਕੀਤਾ ਪਰ ਕਿਸੇ ਨੇ ਫੋਨ ਨਹੀਂ ਚੁੱਕਿਆ।ਫਿਰ ਉਸ ਨੇ ਪਿੰਡ ਫੋਨ ਕਰਕੇ ਕਿਹਾ ਕਿ ਜਸਵੀਰ ਤੇ ਕਰਮਣ ਫੋਨ ਨਹੀਂ ਚੁੱਕ ਰਹੇ। ਇਸ ਤੋਂ ਬਾਅਦ ਉਹ ਆਪਣੀ ਬਾਈਕ ‘ਤੇ ਵਾਪਸ ਆਉਣ ਲੱਗਾ। ਜਦੋਂ ਖਾਲਸਾ ਸਕੂਲ ਡੰਪ ਨੇੜੇ ਪੁੱਜਾ ਤਾਂ ਉਸ ਨੂੰ ਹਾਦਸੇ ਬਾਰੇ ਪਤਾ ਲੱਗਾ। ਇਸ ਤੋਂ ਬਾਅਦ ਉਸ ਨੇ ਘਟਨਾ ਦੀ ਜਾਣਕਾਰੀ ਪਰਿਵਾਰਕ ਮੈਂਬਰਾਂ ਨੂੰ ਦਿੱਤੀ।