ਤਰਨਤਾਰਨ : ਤਰਨ ਤਾਰਨ ਦੇ ਅਧੀਨ ਆਉਂਦੇ ਪਿੰਡ ਬੇਗੇਪੁਰ ਵਿਖੇ ਇੱਕ ਪ੍ਰਾਈਵੇਟ ਸਕੂਲ ਦੇ ਟੀਚਰ ਵੱਲੋਂ ਤੀਸਰੀ ਕਲਾਸ ਵਿੱਚ ਪੜ੍ਹਦੇ ਬੱਚੇ ਦੀ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਰੀਬ ਅੱਠ ਸਾਲਾ ਬੱਚੇ ਰਮਨਜੀਤ ਸਿੰਘ ਦੀ ਮਾਤਾ ਰੁਪਿੰਦਰ ਕੌਰ ਨੇ ਕਥਿਤ ਤੌਰ ਤੇ ਦੱਸਿਆ ਕਿ ਉਨ੍ਹਾਂ ਦੇ ਬੱਚੇ ਦੀ ਪਹਿਲਾਂ ਵੀ ਕੁੱਟਮਾਰ ਕੀਤੀ ਗਈ ਪਰ ਹੁਣ ਤਾਂ ਹੱਦ ਹੀ ਕਰ ਦਿੱਤੀ ਗਈ।
ਮਾਪਿਆਂ ਨੇ ਦੱਸਿਆ ਕਿ ਬੱਚੇ ਦੇ ਮੂੰਹ ‘ਤੇ ਉਂਗਲਾਂ ਦੇ ਨਿਸ਼ਾਨ ਪੈ ਗਏ ਹਨ। ਹੁਣ ਸਾਡਾ ਬੱਚਾ ਸਹਿਮ ਵਿੱਚ ਹੈ ਅਤੇ ਸਕੂਲ ਹੀ ਨਹੀਂ ਜਾਣਾ ਚਾਹੁੰਦਾ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਲਿਖਤੀ ਸ਼ਿਕਾਇਤ ਥਾਣਾ ਕੱਚਾ ਪੱਕਾ ਵਿਖੇ ਦੇ ਦਿੱਤੀ ਗਈ ਹੈ ਅਤੇ ਬਾਲ ਸੁਰੱਖਿਆ ਅਫਸਰ ਦੇ ਅਧਿਕਾਰੀ ਰਾਜੇਸ਼ ਕੁਮਾਰ ਨੂੰ ਵੀ ਜਾਣੂ ਕਰਵਾ ਦਿੱਤਾ ਗਿਆ ਹੈ। ਜਿਨ੍ਹਾਂ ਵੱਲੋਂ ਸਾਨੂੰ ਇਨਸਾਫ ਦਵਾਉਣ ਦਾ ਭਰੋਸਾ ਦਵਾਇਆ ਗਿਆ ਹੈ। ਇਸ ਸਬੰਧੀ ਭਗਵਾਨ ਵਾਲਮੀਕ ਏਕਤਾ ਸੰਘਰਸ਼ ਦਲ ਦੇ ਸਪੋਰਟਸ ਸੈੱਲ ਦੇ ਚੇਅਰਮੈਨ ਗੁਰਭੇਜ ਸਿੰਘ ਨੇ ਕਿਹਾ ਕਿ ਜੇਕਰ ਪਰਿਵਾਰ ਨੂੰ ਇਨਸਾਫ ਨਾ ਮਿਲਿਆ ਤਾਂ ਉਹ ਸੰਘਰਸ਼ ਵਿੱਢਣਗੇ ਅਤੇ ਧਰਨਾ ਪ੍ਰਦਰਸ਼ਨ ਵੀ ਕਰਨਗੇ।
ਇਸ ਸਬੰਧੀ ਜਦੋਂ ਬਾਬਾ ਦੀਪ ਸਿੰਘ ਪਬਲਿਕ ਸਕੂਲ ਬੇਗੇਪੁਰ ਦੇ ਪ੍ਰਿੰਸੀਪਲ ਰਮਨਜੀਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਬੱਚੇ ਨੂੰ ਚਪੇੜ ਤਾਂ ਵੱਜੀ ਹੈ ਪਰ ਉਸ ਦੇ ਮੂੰਹ ਉੱਪਰ ਪਏ ਨਿਸ਼ਾਨ ਉਸ ਚਪੇੜ ਦੇ ਹਨ ਜਾਂ ਕਿਸੇ ਹੋਰ ਚੀਜ਼ ਦੇ ਇਹ ਅਸੀਂ ਤਸਦੀਕ ਕਰ ਰਹੇ ਹਾਂ ਅਤੇ ਇਸ ਸਬੰਧੀ ਸਬੰਧਤ ਟੀਚਰ ਵੀ ਮੁਆਫੀ ਮੰਗ ਚੁੱਕੀ ਹੈ ।