ਨੈਸ਼ਨਲ ਡੈਸਕ- ਮਹਾਰਾਸ਼ਟਰ ਤੋਂ ਇਕ ਬੇਹੱਦ ਦੁਖ਼ਦਾਈ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੋਂ ਦੇ ਨਾਂਦੇੜ ਜ਼ਿਲ੍ਹੇ ‘ਚ ਸਥਿਤ ਅਲੀਗਾਓਂ ਵਿਖੇ ਮਜ਼ਦੂਰਾਂ ਨੂੰ ਖੇਤ ਲਿਜਾ ਰਿਹਾ ਟਰੈਕਟਰ ਅਚਾਨਕ ਸੰਤੁਲਨ ਗੁਆ ਬੈਠਾ ਤੇ ਨੇੜੇ ਸਥਿਤ ਇਕ ਖੂਹ ‘ਚ ਜਾ ਡਿੱਗਾ, ਜਿਸ ਕਾਰਨ 6 ਲੋਕਾਂ ਦੇ ਮਾਰੇ ਜਾਣ ਦੀ ਜਾਣਕਾਰੀ ਮਿਲੀ ਹੈ।ਜਾਣਕਾਰੀ ਅਨੁਸਾਰ ਇਹ ਹਾਦਸਾ ਸਵੇਰੇ ਕਰੀਬ 7.30 ਵਜੇ ਵਾਪਰਿਆ, ਜਦੋਂ ਮਜ਼ਦੂਰ ਹਲਦੀ ਦੀ ਖੇਤੀ ਲਈ ਖੇਤਾਂ ਵੱਲ ਜਾ ਰਹੇ ਸਨ। ਇਸ ਟਰੈਕਟਰ ‘ਤੇ ਕਰੀਬ 10 ਲੋਕ ਸਵਾਰ ਸਨ, ਜੋ ਕਿ ਖੇਤਾਂ ‘ਚ ਕੰਮ ਕਰਨ ਲਈ ਜਾ ਰਹੇ ਸਨ। ਬਾਰਿਸ਼ ਕਾਰਨ ਸੜਕ ਗਿੱਲੀ ਸੀ ਤੇ ਟਰੈਕਟਰ ਸੰਤੁਲਨ ਗੁਆ ਬੈਠਾ, ਜਿਸ ਕਾਰਨ ਇਹ ਨੇੜੇ ਸਥਿਤ ਖੂਹ ‘ਚ ਜਾ ਡਿੱਗਾ। ਜਿਵੇਂ ਹੀ ਇਹ ਟਰੈਕਟਰ ਖੂਹ ‘ਚ ਡਿੱਗਿਆ ਤਾਂ ਮੌਕੇ ‘ਤੇ ਚੀਕ-ਚਿਹਾੜਾ ਮਚ ਗਿਆ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਕੁਝ ਲੋਕ ਟਰੈਕਟਰ ਤੋਂ ਛਾਲ ਮਾਰ ਕੇ ਜਾਨ ਬਚਾਉਣ ‘ਚ ਕਾਮਯਾਬ ਰਹੇ, ਜਦਕਿ 6 ਮਜ਼ਦੂਰਾਂ ਦੀ ਖੂਹ ‘ਚ ਡੁੱਬਣ ਕਾਰਨ ਮੌਤ ਹੋ ਜਾਣ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ।