ਨਾਗਪੁਰ- ਆਪਣੇ ਦਾਦਾ ਨਾਲ ਸਕੂਟਰ ਤੋਂ ਜਾ ਰਹੀ 7 ਸਾਲਾ ਇਕ ਬੱਚੀ ਨਾਲ ਦਰਦਨਾਕ ਹਾਦਸਾ ਵਾਪਰ ਗਿਆ। ਦਰਅਸਲ ਬੱਚੀ ਸਕੂਟਰ ਤੋਂ ਡਿੱਗ ਗਈ ਅਤੇ ਇਕ ਮਿੰਨੀ ਟਰੱਕ ਨਾਲ ਕੁਚਲੇ ਜਾਣ ਕਾਰਨ ਉਸ ਦੀ ਮੌਤ ਹੋ ਗਈ। ਪੁਲਸ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਇਹ ਘਟਨਾ ਮਹਾਰਾਸ਼ਟਰ ਦੇ ਨਾਗਪੁਰ ਸ਼ਹਿਰ ਵਿਚ ਵਾਪਰੀ। ਪ੍ਰਤਾਪ ਨਗਰ ਪੁਲਸ ਥਾਣੇ ਦੇ ਅਧਿਕਾਰੀਆਂ ਨੇ ਦੱਸਿਆ ਕਿ ਗੋਪਾਲ ਨਗਰ ਨੂੰ ਪਡੋਲੇ ਚੌਕ ਨਾਲ ਜੋੜਨ ਵਾਲੀ ਸੜਕ ‘ਤੇ ਮੰਗਲਵਾਰ ਦੀ ਸ਼ਾਮ ਨੂੰ ਇਹ ਦਰਦਨਾਕ ਹਾਦਸਾ ਵਾਪਰਿਆ।
ਬੱਚੀ ਆਪਣੇ ਦਾਦਾ ਨਾਲ ਸਕੂਟਰ ‘ਤੇ ਸਵਾਰ ਹੋ ਕੇ ਡਾਂਸ ਕਲਾਸ ਲਈ ਜਾ ਰਹੀ ਸੀ। ਉਹ ਪਿੱਛੇ ਬੈਠੀ ਸੀ। ਪੁਲਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਇਕ ਅਣਪਛਾਤੇ ਵਾਹਨ ਨੇ ਅਚਾਨਕ ਸਕੂਟਰ ਨੂੰ ਪਿੱਛਿਓਂ ਟੱਕਰ ਮਾਰ ਦਿੱਤੀ, ਜਿਸ ਕਾਰਨ ਬੱਚੀ ਅਤੇ ਉਸ ਦੇ ਦਾਦਾ ਸੜਕ ‘ਤੇ ਡਿੱਗ ਗਏ। ਇਸ ਦੌਰਾਨ ਬੱਚੀ ਨੂੰ ਉਸੇ ਦਿਸ਼ਾ ਵਿਚ ਜਾ ਰਹੇ ਮਿੰਨੀ ਟਰੱਕ ਨੇ ਕੁਚਲ ਦਿੱਤਾ। ਅਧਿਕਾਰੀ ਨੇ ਦੱਸਿਆ ਕਿ ਕੁੜੀ ਦੇ ਸਿਰ ‘ਚ ਗੰਭੀਰ ਸੱਟਾਂ ਲੱਗੀਆਂ ਅਤੇ ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਪ੍ਰਤਾਪ ਨਗਰ ਪੁਲਸ ਨੇ ਅਣਪਛਾਤੇ ਵਾਹਨ ਡਰਾਈਵਰ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ ਅਤੇ ਅਪਰਾਧੀ ਦੀ ਪਛਾਣ ਅਤੇ ਗ੍ਰਿਫ਼ਤਾਰੀ ਲਈ ਜਾਂਚ ਕੀਤੀ ਜਾ ਰਹੀ ਹੈ।