ਨੈਸ਼ਨਲ ਡੈਸਕ- ਇਕ ਨਵ-ਵਿਆਹੁਤਾ ਦੀ ਬਾਥਰੂਮ ‘ਚ ਨਹਾਉਂਦੇ ਸਮੇਂ ਗੀਜਰ ਫਟਣ ਨਾਲ ਮੌਤ ਹੋ ਗਈ। ਇਹ ਘਟਨਾ ਉੱਤਰ ਪ੍ਰਦੇਸ਼ ਦੇ ਬਰੇਲੀ ਜ਼ਿਲ੍ਹੇ ਦੀ ਹੈ। ਵਿਆਹ ਦੇ 5 ਦਿਨ ਬਾਅਦ ਲਾੜੀ ਨਾਲ ਇਹ ਦਰਦਨਾਕ ਹਾਦਸਾ ਵਾਪਰਿਆ। ਇਸ ਘਟਨਾ ਨਾਲ ਪਰਿਵਾਰ ‘ਚ ਚੀਕ-ਚਿਹਾੜਾ ਪੈ ਗਿਆ ਅਤੇ ਪੇਕੇ ਤੋਂ ਮ੍ਰਿਤਕਾ ਦੇ ਪਰਿਵਾਰ ਵਾਲੇ ਸਹੁਰੇ ਘਰ ਪੁੱਜੇ।
ਪੁਲਸ ਨੇ ਲਾਸ਼ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਬਰੇਲੀ ਦੇ ਭੋਜੀਪੁਰਾ ਥਾਣਾ ਖੇਤਰ ਦੇ ਰਹਿਣ ਵਾਲੇ ਦੀਪਕ ਦਾ ਵਿਆਹ 22 ਨਵੰਬਰ ਨੂੰ ਬੁਲੰਦਸ਼ਹਿਰ ਵਾਸੀ ਸੂਰਜਪਾਲ ਦੀ ਧੀ ਦਾਮਿਨੀ ਨਾਲ ਹੋਇਆ ਸੀ। ਵਿਆਹ ਦੇ 5 ਦਿਨਾਂ ਬਾਅਦ 27 ਨਵੰਬਰ ਨੂੰ ਦਾਮਿਨੀ ਰੋਜ਼ ਦੀ ਤਰ੍ਹਾਂ ਬਾਥਰੂਮ ‘ਚ ਨਹਾਉਣ ਲਈ ਗਈ ਸੀ ਪਰ ਕਾਫ਼ੀ ਦੇਰ ਤੱਕ ਜਦੋਂ ਉਹ ਬਾਹਰ ਨਹੀਂ ਆਈ ਤਾਂ ਘਰ ਵਾਲਿਆਂ ਨੂੰ ਸ਼ੱਕ ਹੋਇਆ। ਪਤੀ ਦੀਪਕ ਨੇ ਕਈ ਵਾਰ ਬਾਥਰੂਮ ਦਾ ਦਰਵਾਜ਼ਾ ਖੜਕਾਇਆ ਅਤੇ ਦਾਮਿਨੀ ਨੂੰ ਆਵਾਜ਼ ਦਿੱਤੀ ਪਰ ਕੋਈ ਜਵਾਬ ਨਹੀਂ ਆਇਆ। ਇਸ ਤੋਂ ਬਾਅਦ ਪਰਿਵਾਰ ਵਾਲਿਆਂ ਨੇ ਬਾਥਰੂਮ ਦਾ ਦਰਵਾਜ਼ਾ ਤੋੜਿਆ।
ਅੰਦਰ ਦਾ ਦ੍ਰਿਸ਼ ਦੇਖ ਉਹ ਹੈਰਾਨ ਰਹਿ ਗਏ। ਗੀਜਰ ਫਟਣ ਨਾਲ ਦਾਮਿਨੀ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਈ ਸੀ ਅਤੇ ਬੇਹੋਸ਼ੀ ਦੀ ਹਾਲਤ ‘ਚ ਫਰਸ਼ ‘ਤੇ ਪਈ ਸੀ। ਦੱਸਿਆ ਜਾ ਰਿਹਾ ਹੈ ਕਿ ਪਰਿਵਾਰ ਵਾਲੇ ਤੁਰੰਤ ਉਸ ਨੂੰ ਹਸਪਤਾਲ ਲੈ ਗਏ ਪਰ ਹਸਪਤਾਲ ‘ਚ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।