ਕੁਟਾਰੂ ਮਦਨੀਨਗਰ ਪਿੰਡ ‘ਚ ਇਕ ਘਰ ‘ਤੇ ਗੁਆਂਢੀਆਂ ਦੇ ਘਰ ਦੀ ਕੰਧ ਡਿੱਗਣ ਨਾਲ ਦਰਦਨਾਕ ਹਾਦਸਾ ਵਾਪਰ ਗਿਆ। ਇਸ ਹਾਦਸੇ ਵਿਚ ਇਕ ਹੀ ਪਰਿਵਾਰ ਦੇ 4 ਮੈਂਬਰਾਂ ਦੀ ਮੌਤ ਹੋ ਜਾਣ ਦੀ ਸੂਚਨਾ ਮਿਲੀ ਹੈ। ਅਧਿਕਾਰੀਆਂ ਨੇ ਇਸ ਘਟਨਾ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਮੰਗਲਵਾਰ ਰਾਤ ਨੂੰ ਹੋਈ ਭਾਰੀ ਬਰਸਾਤ ਕਾਰਨ ਸਵੇਰੇ 6.30 ਵਜੇ ਦੇ ਕਰੀਬ ਇੱਕ ਮਕਾਨ ਦੀ ਕੰਧ ਡਿੱਗ ਗਈ।
ਉਹਨਾਂ ਨੇ ਕਿਹਾ ਕਿ ਜਿਸ ਘਰ ਦੀ ਕੰਧ ਡਿੱਗੀ, ਉਹ ਯਾਸਿਰ ਦਾ ਸੀ। ਸਥਾਨਕ ਲੋਕਾਂ ਮੁਤਾਬਕ ਕੰਧ ਨੂੰ ਲੈ ਕੇ ਯਾਸਿਰ ਅਤੇ ਉਸ ਦੇ ਗੁਆਂਢੀ ਵਿਚਾਲੇ ਝਗੜਾ ਚੱਲ ਰਿਹਾ ਸੀ। ਕੰਧ ਯਾਸਿਰ ਦੇ ਘਰ ਦੇ ਬਿਲਕੁਲ ਨੇੜੇ ਬਣਾਈ ਗਈ ਸੀ। ਘਟਨਾ ਤੋਂ ਬਾਅਦ ਬਚਾਅ ਕਰਮਚਾਰੀ ਮੌਕੇ ‘ਤੇ ਪਹੁੰਚੇ, ਜਿਹਨਾਂ ਨੇ ਉਕਤ ਲੋਕਾਂ ਦੀਆਂ ਲਾਸ਼ਾਂ ਨੂੰ ਮਲਬੇ ‘ਚੋਂ ਬਾਹਰ ਕੱਢਿਆ। ਪੁਲਸ ਨੇ ਮਾਮਲਾ ਦਰਜ ਕਰਨ ਤੋਂ ਬਾਅਦ ਇਸ ਮਾਮਲੇ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ।