ਲੋਕਾਂ ਨੂੰ ਵਿਦੇਸ਼ ਭੇਜਣ ਦੇ ਨਾਮ ’ਤੇ ਲੱਖਾਂ ਰੁਪਏ ਦੀ ਧੋਖਾਧੜੀ ਕਰਨ ਵਾਲੇ ਟਰੈਵਲ ਏਜੰਟ ਭਰਾ-ਭੈਣ ਨੂੰ ਲੁਧਿਆਣਾ ਦੇ ਥਾਣਾ ਮਾਡਲ ਟਾਊਨ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਇਸ ਦੇ ਨਾਲ ਹੀ ਕਾਬੂ ਕੀਤੇ ਭੈਣ-ਭਰਾਵਾਂ ਕੋਲੋਂ ਕਰੋੜਾਂ ਰੁਪਏ ਦੀ ਨਕਦੀ ਵੀ ਬਰਾਮਦ ਕੀਤੀ ਗਈ ਹੈ। ਦਰਅਸਲ ਦੋਵੇਂ ਭਰਾ-ਭੈਣ ’ਤੇ ਇਲਜ਼ਾਮ ਹੈ ਕਿ ਇਹਨਾਂ ਵੱਲੋਂ ਵਿਦੇਸ਼ ਭੇਜਣ ਦੇ ਨਾਂ ’ਤੇ ਫਾਈਲਾਂ ਲਗਵਾਈਆਂ ਜਾਂਦੀਆਂ ਸੀ, ਪਰ ਬਾਅਦ ਵਿੱਚ ਉਹਨਾਂ ਦੇ ਦਸਤਾਵੇਜਾਂ ਵਿੱਚ ਕਈ ਕਮੀਆਂ ਕੱਢ ਕੇ ਫਾਈਲ ਰਿਜੈਕਟ ਦੀ ਗੱਲ ਕਹੀ ਜਾਂਦੀ ਸੀ। ਇਸੇ ਦੌਰਾਨ ਲੋਕਾਂ ਪਾਸੋਂ ਲੱਖਾਂ ਰੁਪਏ ਠੱਗ ਲਏ ਜਾਂਦੇ ਸੀ, ਜਿਸ ਤੋਂ ਬਾਅਦ ਪੁਲਿਸ ਨੂੰ ਮਿਲੀ ਸ਼ਿਕਾਇਤ ਦੇ ਅਧਾਰ ’ਤੇ ਪੁਲਿਸ ਨੇ ਇਹਨਾਂ ਦੋਵਾਂ ਨੂੰ ਕਾਬੂ ਕੀਤਾ ਹੈ ਅਤੇ ਇਹਨਾਂ ਕੋਲੋਂ ਇੱਕ ਕਰੋੜ ਰੁਪਏ ਤੋਂ ਵੱਧ ਦੀ ਨਕਦੀ ਬਰਾਮਦ ਕੀਤੀ ਹੈ।
ਜਾਣਕਾਰੀ ਦਿੰਦੇ ਹੋਏ ਥਾਣਾ ਮਾਡਲ ਟਾਊਨ ਦੇ ਐਸਐਚਓ ਅਵਨੀਤ ਕੌਰ ਨੇ ਦੱਸਿਆ ਕਿ ਦੋਵੇਂ ਭੈਣ ਭਰਾ ਪਿਛਲੇ ਸੱਤ ਸਾਲ ਤੋਂ ਟਰੈਵਲ ਏਜੰਸੀ ਚਲਾ ਰਹੇ ਹਨ। ਸ਼ਿਕਾਇਤ ਕਰਤਾ ਜੋ ਕਿ ਸੀਐਮ ਸਿਕਿਉਰਟੀ ਵਿੱਚ ਤੈਨਾਤ ਹੈ, ਉਸਨੇ ਆਪਣੇ ਭਰਾ ਅਤੇ ਭਾਬੀ ਨੂੰ ਯੂਕੇ ਭੇਜਣਾ ਸੀ। ਇਸ ਦੌਰਾਨ 14 ਲੱਖ ਰੁਪਏ ਦੇ ਕਰੀਬ ਟਰੈਵਲ ਏਜੰਟ ਦੇ ਫਰਮ ਵਾਲੇ ਅਕਾਊਂਟ ਦੇ ਵਿੱਚ ਪਾਏ ਗਏ ਸੀ, ਪਰ ਚਾਰ ਸਾਲ ਬੀਤ ਜਾਣ ਦੇ ਬਾਅਦ ਵੀ ਉਹਨਾਂ ਨੂੰ ਬਾਹਰ ਨਹੀਂ ਭੇਜਿਆ ਗਿਆ। ਇਸ ਤੋਂ ਬਾਅਦ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਸੀ। ਇਸੇ ਸ਼ਿਕਾਇਤ ਦੇ ਆਧਾਰ ’ਤੇ ਕਾਰਵਾਈ ਕਰਦੇ ਹੋਏ ਆਰੋਪੀ ਦੇ ਘਰ ’ਚ ਰੇਡ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਇਕ ਕਰੋੜ 7 ਲੱਖ 86 ਹਜ਼ਾਰ 700 ਰੁਪਏ ਦਾ ਕੈਸ਼ ਬਰਾਮਦ ਕੀਤਾ ਗਿਆ ਹੈ। ਇਸ ਦੇ ਨਾਲ ਹੀ ਪੁਲਿਸ ਨੇ ਦੱਸਿਆ ਕਿ ਇਸ ਮਾਮਲੇ ’ਚ ਜਾਂਚ ਦੌਰਾਨ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ।
ਜ਼ਿਕਰਯੋਗ ਹੈ ਕਿ ਇਸ ਇਮੀਗਰੇਸ਼ਨ ਦੇ ਬਾਹਰ ਕੁਝ ਦਿਨ ਪਹਿਲਾਂ ਵੀ ਇੱਕ ਪਰਿਵਾਰ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ ਸੀ, ਇਸ ਦੌਰਾਨ ਪਰਿਵਾਰ ਨੇ ਟੈਂਕੀ ’ਤੇ ਚੜ ਕੇ ਟਰੈਵਲ ਏਜੰਟ ਦੇ ਖਿਲਾਫ਼ ਕਾਰਵਾਈ ਦੀ ਮੰਗ ਕੀਤੀ ਸੀ। ਉਸ ਸਮੇਂ ਪੁਲਿਸ ਵੱਲੋਂ ਕਾਰਵਾਈ ਦਾ ਸਿਰਫ ਭਰੋਸਾ ਹੀ ਦਿੱਤਾ ਗਿਆ ਪਰ ਅੱਜ ਜਦੋਂ ਸੀਐਮ ਸਿਕਿਉਰਟੀ ਵਿੱਚ ਤੈਨਾਤ ਅਧਿਕਾਰੀ ਨੇ ਸ਼ਿਕਾਇਤ ਕੀਤੀ ਤਾਂ ਝੱਟ ਹੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਫਿਲਹਾਲ ਪੁਲਿਸ ਵੱਲੋਂ ਬਾਕੀ ਸ਼ਿਕਾਇਤਾਂ ਦੇ ਆਧਾਰ ’ਤੇ ਕਾਰਵਾਈ ਕਰਨ ਦੀ ਗੱਲ ਕਹੀ ਜਾ ਰਹੀ ਹੈ।