ਨਵੀਂ ਦਿੱਲੀ- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦੁਨੀਆ ਭਰ ਦੇ ਕਈ ਦੇਸ਼ਾਂ ਨੂੰ ਵਪਾਰਕ ਝਟਕਾ ਦਿੰਦੇ ਹੋਏ ਰੈਸੀਪ੍ਰੋਕਲ ਟੈਕਸ ਲਗਾਉਣ ਦਾ ਐਲਾਨ ਕਰ ਦਿੱਤਾ ਹੈ। ਇਸ ਅਨੁਸਾਰ ਅਮਰੀਕਾ ਨੇ ਭਾਰਤ ਨੇ 26 ਫ਼ੀਸਦੀ ਟੈਰਿਫ਼ ਲਗਾਉਣ ਦਾ ਐਲਾਨ ਕੀਤਾ ਹੈ, ਜਿਸ ਨਾਲ ਭਾਰਤ ਦੀ ਅਰਥਵਿਵਸਥਾ ਨੂੰ ਕਰਾਰਾ ਝਟਕਾ ਲੱਗ ਸਕਦਾ ਹੈ। ਭਾਰਤ ਬਾਰੇ ਬੋਲਦਿਆਂ ਟਰੰਪ ਨੇ ਕਿਹਾ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਨ੍ਹਾਂ ਦੇ ਚੰਗੇ ਦੋਸਤ ਹਨ, ਪਰ ਭਾਰਤ ਅਮਰੀਕੀ ਵਸਤਾਂ ‘ਤੇ ਕਾਫ਼ੀ ਜ਼ਿਆਦਾ ਟੈਕਸ ਲਗਾ ਰਿਹਾ ਹੈ, ਜਿਸ ‘ਤੇ ਅਮਰੀਕਾ ਦਾ ਰਵੱਈਆ ਕਾਫ਼ੀ ਨਰਮ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਰਤ ਸਾਡੇ ‘ਤੇ 52 ਫ਼ੀਸਦੀ ਟੈਰਿਫ਼ ਲਗਾ ਰਿਹਾ ਹੈ, ਜਿਸ ‘ਤੇ ਅਸੀਂ ਦਹਾਕਿਆਂ ਤੱਕ ਨਾ ਦੇ ਬਰਾਬਰ ਹੀ ਟੈਰਿਫ਼ ਲਗਾਇਆ। ਪਰ ਹੁਣ ਜੋ ਦੇਸ਼ ਜਿੰਨਾ ਟੈਰਿਫ਼ ਸਾਡੇ ‘ਤੇ ਲਗਾਵੇਗਾ, ਓਨਾ ਹੀ ਅਸੀਂ ਉਨ੍ਹਾਂ ‘ਤੇ ਲਗਾਵਾਂਗੇ।
ਅਮਰੀਕਾ ਦੇ ਰੈਸੀਪ੍ਰੋਕਲ ਟੈਰਿਫ਼ ਦਾ ਇਨ੍ਹਾਂ ਸੈਕਟਰਾਂ ‘ਤੇ ਪਵੇਗਾ ਸਭ ਤੋਂ ਜ਼ਿਆਦਾ ਅਸਰ
ਕੱਪੜਾ ਤੇ ਟੈਕਸਟਾਈਲ
ਫਾਰਮਾ
ਖੇਤੀਬਾੜੀ ਤੇ ਸੀਫੂਡ
ਸ਼ਰਾਬ, ਮੀਟ ਤੇ ਚੀਨੀ
ਫੁੱਟਵੇਅਰ
ਸਟੀਲ ਤੇ ਐਲੁਮੀਨੀਅਮ
ਅਮਰੀਕਾ ਵੱਲੋਂ ਲਗਾਏ ਗਏ ਟੈਰਿਫ਼ ਦਾ ਭਾਰਤੀ ਸਟੀਲ ਇੰਡਸਟਰੀ ‘ਤੇ ਸਭ ਤੋਂ ਵੱਧ ਅਸਰ ਹੋਵੇਗਾ। ਸਟੀਲ ਤੇ ਐਲੁਮੀਨੀਅਮ ‘ਤੇ ਅਮਰੀਕਾ ਨੇ 25 ਫ਼ੀਸਦੀ ਟੈਰਿਫ਼ ਲਗਾਇਆ ਹੈ। ਭਾਰਤ ਦੀ ਨੋਵੇਲਿਸ (ਹਿੰਡਾਲਕੋ) ਵੱਲੋਂ ਇਸ ਦਾ ਸਭ ਤੋਂ ਵੱਧ ਫ਼ਾਇਦਾ ਉਠਾਏ ਜਾਣ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ।
ਆਟੋ/ਆਟੋ ਪਾਰਟਸ
ਭਾਰਤੀ ਆਟੋਮੋਬਾਇਲ ਇੰਡਸਟਰੀ ‘ਤੇ ਵੀ ਟਰੰਪ ਸਰਕਾਰ ਵੱਲੋਂ 25 ਫ਼ੀਸਦੀ ਟੈਰਿਫ਼ ਲਗਾਇਆ ਗਿਆ ਹੈ। ਆਟੋਮੋਬਾਇਲ ‘ਤੇ ਇਹ ਟੈਰਿਫ਼ 3 ਅਪ੍ਰੈਲ ਤੋਂ, ਜਦਕਿ ਆਟੋ ਪਾਰਟਸ ‘ਤੇ 3 ਮਈ ਤੋਂ ਲਾਗੂ ਹੋਣ ਦੀ ਸੰਭਾਵਨਾ ਹੈ। ਇਸ ਦਾ ਭਾਰਤੀ ਆਟੋਮੋਬਾਇਲ ਇੰਡਸਟਰੀ ‘ਤੇ ਨਾਕਾਰਾਤਮਕ ਅਸਰ ਦਿਖਾਈ ਦੇਣ ਦੀ ਸੰਭਾਵਨਾ ਹੈ।
ਤਾਂਬਾ
ਅਮਰੀਕੀ ਸਰਕਾਰ ਨੇ ਤਾਂਬੇ ਦੇ ਆਯਾਤ ‘ਤੇ ਟੈਰਿਫ਼ ਦੀ ਜਾਂਚ ਦੇ ਨਿਰਦੇਸ਼ ਦਿੱਤੇ ਹਨ, ਜਿਸ ਮਗਰੋਂ ਇਸ ਟੈਰਿਫ਼ ‘ਚ ਵਾਧਾ ਵੀ ਦੇਖਿਆ ਜਾ ਸਕਦਾ ਹੈ। ਫਿਲਹਾਲ ਇਸ ‘ਤੇ 25 ਫ਼ੀਸਦੀ ਟੈਰਿਫ਼ ਲਗਾਏ ਜਾਣ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ। ਹਿੰਦੁਸਤਾਨ ਕਾਪਰ ਤੇ ਵੇਦਾਂਤਾ ਵਰਗੀਆਂ ਕੰਪਨੀਆਂ ‘ਤੇ ਇਸ ਦਾ ਅਸਰ ਦਿਖਾਈ ਦੇ ਸਕਦਾ ਹੈ।