ਜਲੰਧਰ, 11 ਸਤੰਬਰ – ਪੁਲਿਸ ਕਮਿਸ਼ਨਰ ਸ੍ਰੀ ਸਵਪਨ ਸ਼ਰਮਾ ਦੀ ਅਗਵਾਈ ਹੇਠ ਜਲੰਧਰ ਕਮਿਸ਼ਨਰੇਟ ਪੁਲਿਸ ਨੇ ਸਨੈਚਿੰਗ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦੇਣ ਵਾਲੇ ਦੋ ਦੋਸ਼ੀਆਂ ਨੂੰ ਕਾਬੂ ਕੀਤਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਡਬਲੂ ਪੁੱਤਰ ਵਿਰਾਈ ਵਾਸੀ ਪਿੰਡ ਘੋਸੀਨ ਬਾਗਿਆ ਬਖਸ਼ੀਪੁਰਾ ਪੀ.ਐੱਸ. ਦਰਗਾਹ ਜ਼ਿਲ੍ਹਾ ਬਹਿਰਾਇਚ ਉੱਤਰ ਪ੍ਰਦੇਸ਼ ਮੌਜੂਦਾ ਕਿਰਾਏਦਾਰ ਗੁਰਬਚਨ ਸਿੰਘ ਸੰਧੂ ਦੇ ਵੇਹੜੇ ਮਕਾਨ ਨੰ. 52 ਨੇੜੇ ਕਬਾੜ ਦੀ ਦੁਕਾਨ ਬਦਰੀਦਾਸ ਕਲੋਨੀ ਬੈਕਸਾਈਡ ਏ.ਪੀ.ਜੇ. ਕਾਲਜ ਜਲੰਧਰ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ। ਉਨ੍ਹਾਂ ਦੱਸਿਆ ਕਿ ਡਬਲੂ ਨੇ ਆਪਣੀ ਸ਼ਿਕਾਇਤ ਵਿਚ ਕਿਹਾ ਸੀ ਕਿ ਉਹ 9 ਸਤੰਬਰ ਨੂੰ ਜੋਤੀ ਚੌਕ ਜਲੰਧਰ ਵਿਖੇ ਆਪਣੇ ਈ-ਰਿਕਸ਼ਾ ਵਿਚ ਮੌਜੂਦ ਸੀ।
ਸ੍ਰੀ ਸਵਪਨ ਸ਼ਰਮਾ ਨੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਸੀ ਕਿ ਦੋ ਅਣਪਛਾਤੇ ਵਿਅਕਤੀ ਉਸ ਦੇ ਈ-ਰਿਕਸ਼ਾ ’ਤੇ ਸਵਾਰ ਹੋਏ ਤੇ ਉਸ ਨੂੰ ਗਲੀ ਵਿਚ ਰੋਕ ਲਿਆ। ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਗਲੀ ਵਿਚ ਦੋ ਵਿਅਕਤੀਆਂ ਨੇ ਉਸ ਦੀ ਕੁੱਟਮਾਰ ਕੀਤੀ ਤੇ ਉਸ ਦੀ ਜੇਬ ਵਿਚੋਂ ਪੈਸੇ ਕੱਢ ਲਏ। ਸ੍ਰੀ ਸਵਪਨ ਸ਼ਰਮਾ ਨੇ ਦੱਸਿਆ ਕਿ ਪੁਲਿਸ ਨੇ ਤਫ਼ਤੀਸ਼ ਦੌਰਾਨ ਦੋਵਾਂ ਖੋਹਾਂ ਕਰਨ ਵਾਲਿਆਂ ਦੀ ਪਛਾਣ ਅਭੀ ਬੱਤਰਾ ਉਰਫ਼ ਕਾਲਾ ਪੁੱਤਰ ਸ਼ਸ਼ੀ ਬੱਤਰਾ ਵਾਸੀ ਐਚ.ਐਨ.-101 ਰਸਤਾ ਮੁਹੱਲਾ ਜਲੰਧਰ ਅਤੇ ਤਰੁਣ ਸਹੋਤਾ ਉਰਫ਼ ਮੋਟਾ ਪੁੱਤਰ ਪ੍ਰੇਮ ਲਾਲ ਵਾਸੀ ਬਾਗੀਆ ਮੁਹੱਲਾ, ਜਲੰਧਰ ਵਜੋਂ ਹੋਈ ਹੈ। ਸ੍ਰੀ ਸਵਪਨ ਸ਼ਰਮਾ ਨੇ ਕਿਹਾ ਕਿ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।