ਬਾਲਾਘਾਟ : ਮੱਧ ਪ੍ਰਦੇਸ਼ ਦੇ ਨਕਸਲ ਪ੍ਰਭਾਵਿਤ ਬਾਲਾਘਾਟ ਜ਼ਿਲ੍ਹੇ ਵਿੱਚ ਬੁੱਧਵਾਰ ਦੇਰ ਰਾਤ ਅੱਗ ਲੱਗਣ ਨਾਲ ਦੋ ਖਾਲੀ ਬੱਸਾਂ ਸੜ ਕੇ ਸੁਆਹ ਹੋ ਗਈਆਂ। ਇਸ ਘਟਨਾ ਦੀ ਜਾਣਕਾਰੀ ਪੁਲਸ ਵਲੋਂ ਦਿੱਤੀ ਗਈ ਹੈ। ਉਕਵਾ ਪੁਲਸ ਚੌਕੀ ਦੇ ਇੰਚਾਰਜ ਸਬ-ਇੰਸਪੈਕਟਰ ਗੋਪਾਲ ਸਿੰਘ ਨੇ ਫ਼ੋਨ ‘ਤੇ ਦੱਸਿਆ ਕਿ ਇਹ ਘਟਨਾ ਜ਼ਿਲ੍ਹੇ ਦੇ ਰੂਪਝਾਰ ਥਾਣਾ ਖੇਤਰ ਦੇ ਉਕਵਾ ਖੇਤਰ ਵਿੱਚ ਤੜਕੇ 2.30 ਵਜੇ ਦੇ ਕਰੀਬ ਵਾਪਰੀ ਹੈ। ਇਹ ਇਲਾਕਾ ਛੱਤੀਸਗੜ੍ਹ ਅਤੇ ਮਹਾਰਾਸ਼ਟਰ ਦੀ ਸਰਹੱਦ ਨਾਲ ਲੱਗਦਾ ਹੈ। ਇਸ ਘਟਨਾ ਵਿੱਚ ਨਕਸਲੀਆਂ ਦੀ ਭੂਮਿਕਾ ਦੀ ਸੰਭਾਵਨਾ ਬਾਰੇ ਪੁੱਛੇ ਜਾਣ ‘ਤੇ ਅਧਿਕਾਰੀ ਨੇ ਕਿਹਾ ਕਿ ਮਾਮਲੇ ਦੇ ਸਾਰੇ ਪਹਿਲੂਆਂ ਦੀ ਜਾਂਚ ਕੀਤੀ ਜਾ ਰਹੀ ਹੈ।
ਜ਼ਿਲ੍ਹਾ ਹੈੱਡਕੁਆਰਟਰ ਤੋਂ 40 ਕਿਲੋਮੀਟਰ ਦੂਰ ਘਟਨਾ ਵਾਲੀ ਥਾਂ ‘ਤੇ ਇੱਕ ਖਾਨ ਦੇ ਨੇੜੇ ਖੜ੍ਹੀਆਂ ਦੋ ਨਿੱਜੀ ਬੱਸਾਂ ਨੂੰ ਅੱਗ ਲੱਗ ਗਈ। ਅਧਿਕਾਰੀ ਨੇ ਕਿਹਾ ਕਿ ਉੱਥੇ ਇੱਕ ਚੌਕੀਦਾਰ ਵੱਲੋਂ ਸੂਚਿਤ ਕੀਤੇ ਜਾਣ ਤੋਂ ਬਾਅਦ ਪੁਲਸ ਮੌਕੇ ‘ਤੇ ਪਹੁੰਚੀ ਅਤੇ ਫਾਇਰ ਟੈਂਡਰ ਮੌਕੇ ‘ਤੇ ਭੇਜੇ ਗਏ। ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਕੀ ਇਨ੍ਹਾਂ ਬੱਸਾਂ ਨੂੰ ਕਿਸੇ ਨੇ ਅੱਗ ਲਗਾਈ ਹੈ ਜਾਂ ਕਿਸੇ ਹੋਰ ਕਾਰਨ ਕਰਕੇ ਅੱਗ ਲੱਗੀ ਹੈ। ਅਧਿਕਾਰੀ ਨੇ ਕਿਹਾ ਕਿ ਬੱਸ ਮਾਲਕ ਸੂਰਜ ਅਗਰਵਾਲ ਅਤੇ ਉਸਦੇ ਪੁੱਤਰ ਸੰਤੋਸ਼ ਅਗਰਵਾਲ ਦੀ ਸ਼ਿਕਾਇਤ ‘ਤੇ ਐਫਆਈਆਰ ਦਰਜ ਕਰਨ ਦੀ ਪ੍ਰਕਿਰਿਆ ਜਾਰੀ ਹੈ। ਜ਼ਿਲ੍ਹੇ ਦੇ ਰੂਪਝਾਰ ਥਾਣਾ ਖੇਤਰ ਦੇ ਜੰਗਲ ਵਿੱਚ 14 ਜੂਨ ਨੂੰ ਸੁਰੱਖਿਆ ਬਲਾਂ ਨਾਲ ਹੋਏ ਮੁਕਾਬਲੇ ਵਿੱਚ ਤਿੰਨ ਔਰਤਾਂ ਸਮੇਤ ਚਾਰ ਨਕਸਲੀ ਮਾਰੇ ਗਏ ਸਨ।