ਰੂਪਨਗਰ: ਪੰਜਾਬ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ। ਐਸ.ਏ.ਐਸ.ਨਗਰ (ਰੂਪਨਗਰ) ਪੁਲਿਸ ਨੇ ਸਫ਼ਲਤਾ ਹਾਸਲ ਕਰਦਿਆਂ ਕੈਨੇਡਾ ਰਹਿੰਦੇ ਲਖਬੀਰ ਲੰਡਾ ਅਤੇ ਅਮਰੀਕਾ ਸਥਿਤ ਗੁਰਦੇਵ ਸਿੰਘ ਉਰਫ਼ ਜੱਸਲ ਦੇ ਦੋ ਸਾਥੀਆਂ ਨੂੰ ਹਥਿਆਰਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਹਿਚਾਣ ਅਜੈਪਾਲ ਅਤੇ ਸ਼ਰਨ ਉਰਫ਼ ਸੰਨੀ ਵਜੋਂ ਹੋਈ ਹੈ।
ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਵੱਲੋਂ ਐਕਸ ’ਤੇ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਮੁਲਜ਼ਮਾਂ ਕੋਲੋਂ ਪੁਲੀਸ ਨੇ 7 ਨਜਾਇਜ਼ ਹਥਿਆਰਾਂ ਸਮੇਤ 20 ਜਿੰਦਾ ਕਾਰਤੂਸ ਬਰਾਮਦ ਕੀਤੇ ਹਨ। ਪੁੱਛਗਿੱਛ ‘ਚ ਸਾਹਮਣੇ ਆਇਆ ਕਿ ਸੰਨੀ ਲੰਡਾ ਗੈਂਗ ਦਾ ਮੁੱਖ ਹਥਿਆਰ ਸਪਲਾਇਰ ਸੀ। ਉਹ ਮੱਧ ਪ੍ਰਦੇਸ਼ ਤੋਂ ਹਥਿਆਰਾਂ ਦੀ ਤਸਕਰੀ ਕਰਕੇ ਪੰਜਾਬ ਵਿੱਚ ਸਪਲਾਈ ਕਰਦਾ ਸੀ। ਇਸ ਦੇ ਨਾਲ ਹੀ ਪੰਜਾਬ ਪੁਲਿਸ ਦੀਆਂ ਟੀਮਾਂ ਖਰੀਦ ਅਤੇ ਸਪਲਾਈ ਚੇਨ ਦੀ ਪਹਿਚਾਣ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ ਤਾਂ ਜੋ ਨੈਟਵਰਕ ਦਾ ਪਰਦਾਫਾਸ਼ ਕੀਤਾ ਜਾ ਸਕੇ।