ਸ੍ਰੀ ਮੁਕਤਸਰ ਸਾਹਿਬ : ਸ੍ਰੀ ਸਾਲਾਸਰ ਧਾਮ ਲਈ ਡਾਕ ਝੰਡਾ ਲੈ ਕੇ ਸ਼ਹਿਰ ਤੋਂ ਗਏ ਦੋ ਸ਼ਰਧਾਲੂਆਂ ਦੀ ਰਾਵਤਸਰ ਦੇ ਕੋਲ ਹਾਦਸੇ ਵਿਚ ਮੌਤ ਹੋ ਗਈ, ਜਦਕਿ ਤਿੰਨ ਹੋਰ ਸ਼ਰਧਾਲੂ ਜ਼ਖ਼ਮੀ ਹੋ ਗਏ ਹਨ। ਗੌਰਤਲਬ ਹੈ ਕਿ ਸ਼ਨੀਵਾਰ ਦੀ ਰਾਤ ਸ੍ਰੀ ਮੁਕਤਸਰ ਸਾਹਿਬ ਤੋਂ ਕੁਝ ਸ਼ਰਧਾਲੂ ਪੈਦਲ ਡਾਕ ਧਵਜ ਲੈ ਕੇ ਸਾਲਾਸਰ ਧਾਮ ਦੇ ਦਰਸ਼ਨਾਂ ਲਈ ਰਵਾਨਾ ਹੋਏ ਸਨ। ਸੋਮਵਾਰ ਸਵੇਰੇ ਲਗਭਗ ਚਾਰ ਵਜੇ ਜਦੋਂ ਉਹ ਲੋਕ ਧੰਨਾਸਰ ਅਤੇ ਰਾਵਤਸਰ ਦੇ ਦਰਮਿਆਨ ਜਾ ਰਹੇ ਸਨ ਅਤੇ ਸ਼ਰਧਾਲੂ ਆਪਸ ਵਿਚ ਇਕ ਦੂਜੇ ਨਾਲ ਝੰਡਿਆਂ ਦੀ ਅਦਲਾ ਬਦਲੀ ਕਰ ਰਹੇ ਸਨ। ਇਸ ਦੌਰਾਨ ਸਾਹਮਣੇ ਤੋਂ ਤੇਜ਼ ਰਫ਼ਤਾਰ ਇਕ ਕਾਰ ਆਈ ਜਿਸ ਨੇ ਉਨ੍ਹਾਂ ਨੂੰ ਆਪਣੀ ਲਪੇਟ ਵਿਚ ਲੈ ਲਿਆ।
ਦੱਸਿਆ ਜਾ ਰਿਹਾ ਹੈ ਕਿ ਕਾਰ ਚਾਲਕ ਵੀ ਨੀਂਦ ਵਿਚ ਸੀ, ਜਿਸਨੇ ਸ਼ਰਧਾਲੂਆਂ ’ਤੇ ਕਾਰ ਚੜ੍ਹਾ ਦਿੱਤੀ। ਹਾਦਸੇ ਵਿਚ ਕਪਿਲ ਅਰੋੜਾ (40) ਵਾਸੀ ਤਿਲਕ ਨਗਰ ਸ੍ਰੀ ਮੁਕਤਸਰ ਸਾਹਿਬ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਜੰਡੋਕੇ ਵਿਖੇ ਤਾਇਨਾਤ ਅਧਿਆਪਕ ਅਸ਼ੋਕ ਕੁਮਾਰ (45) ਵਾਸੀ ਭੱਠੇਵਾਲੀ ਗਲੀ ਨੂੰ ਗੰਭੀਰ ਜ਼ਖ਼ਮੀ ਹੋਣ ਦੇ ਚੱਲਦਿਆਂ ਮਲੋਟ ਹਸਪਤਾਲ ਲਿਆਇਆ ਗਿਆ, ਜਿਸਨੇ ਉੱਥੇ ਪਹੁੰਚਦੇ ਦਮ ਤੋੜ ਦਿੱਤਾ, ਜਦਕਿ ਹਾਦਸੇ ਵਿਚ ਤਿੰਨ ਹੋਰ ਜ਼ਖ਼ਮੀ ਵੀ ਬਾਗਵਾਲੀ ਗਲੀ ਨਿਵਾਸੀ ਸੁਨੀਲ ਬਠਿੰਡਾ ਦਾਖਲ ਹਨ। ਹੋਰ ਦੋ ਨੂੰ ਮਾਮੂਲੀ ਸੱਟਾਂ ਆਈਆਂ ਹਨ। ਦੱਸਣਯੋਗ ਹੈ ਕਿ ਅਸ਼ੋਕ ਦਾ ਪੰਜ ਸਾਲ ਦਾ ਬੇਟਾ ਅਤੇ ਢਾਈ ਸਾਲ ਦੀ ਬੇਟੀ ਹੈ, ਜਦਕਿ ਕਪਿਲ ਦਾ ਪੰਜ ਸਾਲ ਦਾ ਬੱਚਾ ਹੈ। ਸੜਕ ਹਾਦਸੇ ਵਿਚ ਸ੍ਰੀ ਮੁਕਤਸਰ ਸਾਹਿਬ ਦੇ ਦੋ ਸ਼ਰਧਾਲੂਆਂ ਦੀ ਮੌਤ ਨਾਲ ਸ਼ਹਿਰ ਦੀ ਸਮੂਹ ਧਾਰਮਿਕ ਸੰਸਥਾਵਾਂ ਅਤੇ ਲੋਕਾਂ ਵਿਚ ਸੋਗ ਦੀ ਲਹਿਰ .ਹੈ।