ਜਲੰਧਰ : ਜਲੰਧਰ ਦਿਹਾਤੀ ਦੇ ਗੁਰਾਇਆ ਪੁਲਸ ਸਟੇਸ਼ਨ ਦੀ ਪੁਲਸ ਨੇ ਸੋਨੂੰ ਖੱਤਰੀ ਗੈਂਗ ਦੇ ਦੋ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਨੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਇੱਕ ਚੋਰੀ ਕੀਤਾ ਟਰੈਕਟਰ ਅਤੇ ਇੱਕ ਮਾਰੂਤੀ ਕਾਰ ਬਰਾਮਦ ਕੀਤੀ ਹੈ। ਇਨ੍ਹਾਂ ਗੱਡੀਆਂ ਦੀ ਵਰਤੋਂ ਮੁਲਜ਼ਮਾਂ ਨੇ ਗੁਰਾਇਆ ਖੇਤਰ ਵਿੱਚ ਡਕੈਤੀਆਂ ਅਤੇ ਚੋਰੀਆਂ ਨੂੰ ਅੰਜਾਮ ਦੇਣ ਲਈ ਕੀਤੀ ਸੀ। ਮੰਡਾਲੀ ਦੇ ਇੱਕ ਨੰਬਰਦਾਰ ‘ਤੇ ਵੀ ਗੋਲੀ ਚਲਾਈ ਗਈ ਸੀ, ਪਰ ਇਸ ਦੌਰਾਨ ਉਨ੍ਹਾਂ ਦਾ ਬਚਾਅ ਹੋ ਗਿਆ। ਦੋਵਾਂ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ, ਗੁਰਾਇਆ ਪੁਲਸ ਨੇ ਕਈ ਘਟਨਾਵਾਂ ਦਾ ਪਤਾ ਲਗਾਇਆ ਹੈ।ਗੁਰਾਇਆ ਪੁਲਸ ਸਟੇਸ਼ਨ ਵਿੱਚ ਇੱਕ ਪ੍ਰੈਸ ਕਾਨਫਰੰਸ ਦੌਰਾਨ ਇਹ ਜਾਣਕਾਰੀ ਦਿੰਦੇ ਹੋਏ ਡੀਐੱਸਪੀ ਸਰਵਣ ਸਿੰਘ ਬੱਲ ਨੇ ਦੱਸਿਆ ਕਿ ਐੱਸਐੱਚਓ ਗੁਰਾਇਆ ਸਿਕੰਦਰ ਸਿੰਘ ਵਿਰਕ, ਚੌਕੀ ਇੰਚਾਰਜ ਦੋਸਾਂਝ ਕਲਾਂ ਜੰਗ ਬਹਾਦਰ ਅਤੇ ਪੁਲਸ ਟੀਮ ਨੇ ਇਲਾਕੇ ਵਿੱਚ ਹੋਈਆਂ ਚੋਰੀ ਅਤੇ ਡਕੈਤੀ ਦੀਆਂ ਹਾਲੀਆ ਘਟਨਾਵਾਂ ਦਾ ਪਤਾ ਲਗਾਇਆ ਅਤੇ ਦੋਵਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ। ਉਨ੍ਹਾਂ ਕਿਹਾ ਕਿ ਹਾਲ ਹੀ ਵਿੱਚ, ਦੋਸਾਂਝ ਕਲਾਂ ਦੇ ਇੱਕ ਪਿੰਡ ਤੋਂ ਇੱਕ ਕਿਸਾਨ ਦਾ ਫੋਰਡ ਟਰੈਕਟਰ ਚੋਰੀ ਹੋ ਗਿਆ ਸੀ ਅਤੇ ਘਟਨਾ ਦੀ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ, ਜਿਸ ‘ਚ ਮੁਲਜ਼ਮ ਚੋਰੀ ਕੀਤੇ ਟਰੈਕਟਰ ਨੂੰ ਭਜਾ ਕੇ ਲੈ ਜਾਂਦੇ ਹੋਏ ਦਿਖਾਈ ਦੇ ਰਹੇ ਹਨ।

