ਸੂਬੇ ’ਚ ਵਾਹਨਾਂ ਦੀ ਗਿਣਤੀ ’ਚ ਵਾਧਾ ਅਤੇ ਨਸ਼ੇ ਦੀ ਲੌਰ ’ਚ ਲਾਪਰਵਾਹੀ ਜਾਂ ਅਣਗਹਿਲੀ ਨਾਲ ਵਾਹਨ ਚਲਾਉਣ ਕਾਰਨ ਤਾਂ ਅਕਸਰ ਹਾਦਸੇ ਹੁੰਦੇ ਹੀ ਰਹਿੰਦੇ ਹਨ। ਪਰ ਅੱਤ ਦੀ ਗਰਮੀ ’ਚ ਜਿੱਥੇ ਮੀਂਹ ਗਰਮੀ ਤੋਂ ਰਾਹਤ ਦੇ ਰਿਹਾ ਤਾਂ ਉੱਥੇ ਹੀ ਸੜਕ ਹਾਦਸਿਆਂ ਦਾ ਕਾਰਨ ਵੀ ਬਣਦਾ ਜਾ ਰਿਹਾ ਹੈ। ਤਾਜ਼ਾ ਮਾਮਲਾ ਗੁਰਦਾਸਪੁਰ ਤੋਂ ਦੀਨਾਨਗਰ ਜਾ ਰਹੇ ਦੋ ਦੋਸਤਾਂ ਦਾ ਹੈ, ਜਿੰਨ੍ਹਾਂ ਦੀ ਭਾਰੀ ਮੀਂਹ ’ਚ ਤੇਜ਼ ਰਫ਼ਤਾਰ ਇਨੋਵਾ ਗੱਡੀ ਦੀ ਲਪੇਟ ’ਚ ਆਉਣ ਕਾਰਨ ਮੌਤ ਹੋ ਗਈ। ਮ੍ਰਿਤਕਾਂ ਦੀ ਪਹਿਚਾਣ 25 ਸਾਲਾਂ ਹਿਤੇਸ਼ ਸਿੰਗਲਾ ਅਤੇ 25 ਸਾਲਾਂ ਵਰੁਣ ਮਹਾਜਨ ਵੱਜੋਂ ਹੋਈ ਹੈ।
ਜਾਣਕਾਰੀ ਮੁਤਾਬਕ ਹਾਦਸਾ ਸ਼ੁੱਕਰਵਾਰ ਦੀ ਰਾਤ ਵਾਪਰਿਆ ਜਦੋਂ ਦੋਵੇਂ ਮੋਟਰਸਾਇਕਲ ਸਵਾਰ ਦੋਸਤ ਗੁਰਦਾਸਪੁਰ ਤੋਂ ਦੀਨਾਨਗਰ ਵੱਲ ਨੂੰ ਵਾਪਸ ਆ ਰਹੇ ਸੀ। ਉਸ ਸਮੇਂ ਮੀਂਹ ਪੈ ਰਿਹਾ ਸੀ। ਰਾਤ ਕਰੀਬ 10 ਵਜੇ ਜਦੋਂ ਉਹ ਦੋਵੇਂ ਸ਼ਹਿਰ ਦੇ ਜੀ.ਟੀ ਰੋਡ ‘ਤੇ ਸਥਿਤ ਭਾਰਤ ਇੰਡਸਟਰੀਜ਼ ਨੇੜੇ ਪਹੁੰਚੇ ਤਾਂ ਸਾਹਮਣੇ ਤੋਂ ਆ ਰਹੀ ਤੇਜ਼ ਰਫ਼ਤਾਰ ਇਨੋਵਾ ਗੱਡੀ ਨੇ ਅੱਗੇ ਜਾ ਰਹੀ ਆਲਟੋ ਕਾਰ ਨੂੰ ਓਵਰਟੇਕ ਕਰਦੇ ਹੋਏ ਉਨ੍ਹਾਂ ਦੇ ਬਾਈਕ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਦੋਵਾਂ ਦੀ ਮੌਤ ਹੋ ਗਈ। ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਅਧਿਕਾਰੀ ਮੌਕੇ ’ਤੇ ਪਹੁੰਚੇ ਜਿੰਨ੍ਹਾਂ ਨੇ ਲਾਸ਼ਾਂ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਭੇਜਿਆ।