ਲਾਹੌਰ — ਪਾਕਿਸਤਾਨ ਦੇ ਪੰਜਾਬ ਸੂਬੇ ‘ਚ ਝੂਠੀ ਅਣਖ ਖਾਤਿਰ ਦੋ ਭੈਣਾਂ ਦੀ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਮੁਤਾਬਕ ਪੰਜਾਬ ਸੂਬੇ ‘ਚ ਪ੍ਰੇਮ ਵਿਆਹ ਕਰਨ ’ਤੇ ਦੋ ਭੈਣਾਂ ਦਾ ਪਿਤਾ ਅਤੇ ਭਰਾ ਨੇ ਕਤਲ ਕਰ ਦਿੱਤਾ। ਇਹ ਘਟਨਾ ਮੰਗਲਵਾਰ ਨੂੰ ਲਾਹੌਰ ਤੋਂ ਕਰੀਬ 350 ਕਿਲੋਮੀਟਰ ਦੂਰ ਵੇਹਾਰੀ ‘ਚ ਵਾਪਰੀ।ਪੁਲਸ ਅਨੁਸਾਰ ਨਿਸ਼ਾਤ ਅਤੇ ਅਫਸ਼ਾਨ ਨਾਮ ਦੀਆਂ ਦੋ ਭੈਣਾਂ ਪਿਛਲੇ ਮਹੀਨੇ ਆਪਣਾ ਘਰ ਛੱਡ ਕੇ ਗਈਆਂ ਸਨ ਅਤੇ ਦੋਵਾਂ ਨੇ ਅਦਾਲਤ ਵਿੱਚ ਆਪਣੀ ਪਸੰਦ ਦੇ ਲੋਕਾਂ ਨਾਲ ਵਿਆਹ ਕੀਤਾ ਸੀ। ਦੋਵਾਂ ਦੀ ਉਮਰ ਕਰੀਬ 20 ਸਾਲ ਦੱਸੀ ਜਾ ਰਹੀ ਹੈ। ਦੋਵਾਂ ਭੈਣਾਂ ਦੇ ਪਿਤਾ ਦੀ ਬੇਨਤੀ ‘ਤੇ ਹੋਈ ਪੰਚਾਇਤ ਦੀ ਮੀਟਿੰਗ ‘ਚ ਉਨ੍ਹਾਂ ਦੇ ਲਾੜਿਆਂ ਦੇ ਪਰਿਵਾਰਾਂ ਨੂੰ ਵਿਆਹੀਆਂ ਲੜਕੀਆਂ ਨੂੰ ਉਨ੍ਹਾਂ ਦੇ ਮਾਪਿਆਂ ਹਵਾਲੇ ਕਰਨ ਦਾ ਹੁਕਮ ਦਿੱਤਾ ਗਿਆ।
ਪੁਲਸ ਨੇ ਕਿਹਾ, “ਲਾੜੇ ਦੇ ਪਰਿਵਾਰਾਂ ਨੇ ਪੰਚਾਇਤ ਦੇ ਹੁਕਮਾਂ ਦੀ ਪਾਲਣਾ ਕੀਤੀ ਅਤੇ ਦੋਵੇਂ ਲੜਕੀਆਂ ਨੂੰ ਉਨ੍ਹਾਂ ਦੇ ਮਾਪਿਆਂ ਹਵਾਲੇ ਕਰ ਦਿੱਤਾ ਗਿਆ। ਮੰਗਲਵਾਰ ਨੂੰ ਲੜਕੀਆਂ ਦੇ ਪਿਤਾ ਸਈਦ ਅਤੇ ਭਰਾ ਆਸਿਮ ਸਮੇਤ ਹੋਰਾਂ ਨੇ ਘਰ ‘ਚ ਤਸ਼ੱਦਦ ਕਰਨ ਤੋਂ ਬਾਅਦ ਉਨ੍ਹਾਂ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ।
ਪੁਲਸ ਨੇ ਦੱਸਿਆ ਕਿ ਉਨ੍ਹਾਂ ਨੇ ਦੋਸ਼ੀ ਪਿਤਾ ਨੂੰ ਗ੍ਰਿਫਤਾਰ ਕਰ ਲਿਆ ਹੈ। ਮੁਲਜ਼ਮਾਂ ਖ਼ਿਲਾਫ਼ ਪਾਕਿਸਤਾਨ ਪੀਨਲ ਕੋਡ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਪਾਕਿਸਤਾਨ ਦੇ ਮਨੁੱਖੀ ਅਧਿਕਾਰ ਕਮਿਸ਼ਨ ਦੇ ਅੰਕੜਿਆਂ ਅਨੁਸਾਰ ਦੇਸ਼ ਵਿੱਚ ਹਰ ਸਾਲ 1000 ਦੇ ਕਰੀਬ ਔਰਤਾਂ ਨੂੰ ਅਣਖ ਦੇ ਨਾਂ ‘ਤੇ ਕਤਲ ਕਰ ਦਿੱਤਾ ਜਾਂਦਾ ਹੈ।