ਸੰਗਤ ਮੰਡੀ – ਸੂਬੇ ਨੂੰ ਨਸ਼ਿਆਂ ਤੋਂ ਮੁਕਤ ਕਰਵਾਉਣ ਲਈ ਦੂਸਰੇ ਪਿੰਡਾਂ ’ਚ ਨਸ਼ਿਆਂ ਵਿਰੁੱਧ ਸੈਮੀਨਾਰ ਕਰਵਾਉਣ ਵਾਲੀ ਸੰਗਤ ਪੁਲਸ ਦੇ ਨੱਕ ਥੱਲੇ ਪਿੰਡ ਸੰਗਤ ਕਲਾਂ ’ਚ ਚਿੱਟੇ ਦਾ ਕਾਰੋਬਾਰ ਧੜੱਲੇ ਨਾਲ ਚੱਲ ਰਿਹਾ ਹੈ। ਹੁਣ ਤਕ ਇਸ ਪਿੰਡ ’ਚ ਕਈ ਨੌਜਵਾਨ ਚਿੱਟੇ ਦੀ ਓਡਰਡੋਜ਼ ਕਾਰਨ ਮੌਤ ਦੇ ਮੂੰਹ ’ਚ ਜਾ ਪਏ ਹਨ। ਅੱਜ ਵੀ ਦੋ ਨੌਜਵਾਨਾਂ ਦੀ ਚਿੱਟੇ ਦੀ ਓਵਰਡੋਜ਼ ਕਾਰਨ ਮੌਤ ਹੋ ਜਾਣ ਦੀ ਸੂਚਨਾ ਮਿਲੀ ਹੈ।
ਨਸ਼ੇ ਦੇ ਸਮੱਗਲਰਾਂ ਨੂੰ ਨਾ ਫੜਨ ਕਾਰਨ ਪੁਲਸ ਪ੍ਰਤੀ ਪਿੰਡ ਵਾਸੀਆਂ ਦਾ ਭਾਰੀ ਗੁੱਸਾ ਪਾਇਆ ਜਾ ਰਿਹਾ ਹੈ। ਇਕ ਹਫ਼ਤੇ ’ਚ ਚਿੱਟੇ ਕਾਰਨ ਚਾਰ ਨੌਜਵਾਨ ਮੌਤ ਦੇ ਮੂੰਹ ’ਚ ਜਾ ਪਏ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਗੁਰਾਦਿੱਤਾ ਸਿੰਘ (19) ਪੁੱਤਰ ਬਿੱਕਰ ਸਿੰਘ ਦੀ ਚਿੱਟੇ ਦਾ ਟੀਕਾ ਲਗਾਉਣ ਕਾਰਨ ਮੌਤ ਹੋ ਗਈ, ਜਿਸ ਦਾ ਸਸਕਾਰ ਕਰਵਾਉਣ ਤੋਂ ਬਾਅਦ ਪਿੰਡ ਦੇ ਇਕ ਹੋਰ ਨੌਜਵਾਨ ਵਕੀਲ ਸਿੰਘ ਪੁੱਤਰ ਕਾਲਾ ਦੀ ਚਿੱਟੇ ਦੀ ਓਵਰਡੋਜ਼ ਕਾਰਨ ਮੌਤ ਦੀ ਖ਼ਬਰ ਆ ਗਈ।
ਪਿੰਡ ਵਾਸੀਆਂ ਨੇ ਦੱਸਿਆ ਕਿ ਇਕ ਹਫ਼ਤੇ ’ਚ ਚਿੱਟਾ ਉਨ੍ਹਾਂ ਦੇ ਚਾਰ ਨੌਜਵਾਨਾਂ ਨੂੰ ਖਾ ਗਿਆ। ਪਿੰਡ ਦੇ ਸਾਬਕਾ ਸਰਪੰਚ ਰੇਸ਼ਮ ਸਿੰਘ ਤੇ ਕੌਂਸਲਰ ਰਣਜੀਤ ਸਿੰਘ ਨੇ ਦੱਸਿਆ ਕਿ ਪਿੰਡ ਵਿਚਕਾਰ ਸੁੰਨਾ ਪਿਆ ਪੀਰਾਂ ਦਾ ਘਰ ਨਸ਼ੇੜੀਆਂ ਦਾ ਅੱਡਾ ਬਣਿਆ ਹੋਇਆ ਹੈ, ਜਿੱਥੇ ਆਏ ਦਿਨ ਚਿੱਟੇ ਦੀ ਓਵਰਡੋਜ਼ ਕਾਰਨ ਕਿਸੇ ਨਾ ਕਿਸੇ ਨੌਜਵਾਨ ਦੀ ਮੌਤ ਹੋ ਰਹੀ ਹੈ। ਪਿੰਡ ਵਾਸੀਆਂ ਨੇ ਦੱਸਿਆ ਪਿੰਡ ’ਚ ਸ਼ਰ੍ਹੇਆਮ ਚਿੱਟਾ ਵਿਕਦਾ ਹੈ ਪਰ ਪੁਲਸ ਉਨ੍ਹਾਂ ’ਤੇ ਕੋਈ ਕਾਰਵਾਈ ਨਹੀਂ ਕਰਦੀ। ਜਦ ਇਸ ਸਬੰਧੀ ਬਠਿੰਡਾ ਦਿਹਾਤੀ ਦੀ ਡੀ. ਐੱਸ. ਪੀ. ਮੈਡਮ ਹਿਨਾ ਗੁਪਤਾ ਨਾਲ ਉਨ੍ਹਾਂ ਦੇ ਫੋਨ ’ਤੇ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਆਪਣਾ ਫੋਨ ਨਹੀਂ ਚੁੱਕਿਆ।