ਫ਼ਿਲੀਪੀਨਜ਼ ਵਿਚ ਤੂਫਾਨ ਦਾ ਕਹਿਰ ਲਗਾਤਾਰ ਜਾਰੀ ਹੈ। ਤੂਫਾਨ ਮੈਨ-ਯੀ ਕਾਰਨ ਬੀਕੋਲ ਖੇਤਰ ਦੇ ਲਗਭਗ 2,55,000 ਲੋਕਾਂ ਬੇਘਰ ਹੋਏ ਹਨ। ਸਥਾਨਕ ਅਧਿਕਾਰੀਆਂ ਵਲੋਂ ਦਿਤੀ ਗਈ ਜਾਣਕਾਰੀ ਦੇ ਮੁਤਾਬਿਕ ਤੂਫਾਨ ਦੇ ਐਤਵਾਰ ਨੂੰ ਬੀਕੋਲ ਖੇਤਰ ਦੇ ਕੈਟੈਂਡੁਨੇਸ ਟਾਪੂ ਨਾਲ ਟਕਰਾਉਣ ਦੀ ਸੰਭਾਵਨਾ ਹੈ ਅਤੇ ਇਸ ਦੀ ਵੱਧ ਤੋਂ ਵੱਧ ਹਵਾ ਦੀ ਗਤੀ ਪਹਿਲਾਂ ਹੀ 215 ਕਿਲੋਮੀਟਰ ਪ੍ਰਤੀ ਘੰਟਾ (133 ਮੀਲ ਪ੍ਰਤੀ ਘੰਟਾ) ਤਕ ਪਹੁੰਚ ਗਈ ਹੈ।
ਜ਼ਮੀਨ ਖਿਸਕਣ, ਹੜ੍ਹਾਂ ਅਤੇ ਤੂਫ਼ਾਨ ਕਾਰਨ ਸੱਭ ਤੋਂ ਕਮਜ਼ੋਰ ਖੇਤਰਾਂ ਵਿੱਚ ਰਹਿਣ ਵਾਲੇ ਹਜ਼ਾਰਾਂ ਲੋਕ ਅਪਣੇ ਘਰ ਛੱਡਣ ਲਈ ਮਜਬੂਰ ਹੋਏ ਹਨ। ਮੈਨ-ਯੀ ਪਿਛਲੇ ਇਕ ਮਹੀਨੇ ਵਿਚ ਫ਼ਿਲੀਪੀਨਜ਼ ਵਿਚ ਆਉਣ ਵਾਲਾ ਛੇਵਾਂ ਤੂਫ਼ਾਨ ਹੈ। ਇਸ ਹਫ਼ਤੇ ਦੇ ਸ਼ੁਰੂ ਵਿਚ ਉਤਰੀ ਫ਼ਿਲੀਪੀਨਜ਼ ਦੇ ਲੁਜੋਨ ਟਾਪੂ ਦੇ ਤੱਟੀ ਖੇਤਰ ਵਿਚ ਤੂਫ਼ਾਨ ਉਸਾਗੀ ਕਾਰਨ ਹਜ਼ਾਰਾਂ ਲੋਕ ਉਥੋਂ ਭੱਜਣ ਲਈ ਮਜਬੂਰ ਹੋਏ ਸਨ।
ਇਸਤੋਂ ਪਹਿਲਾਂ ਅਕਤੂਬਰ ਦੇ ਅਖ਼ੀਰ ਵਿਚ, ਫ਼ਿਲੀਪੀਨਜ਼ ਵਿਚ ਤੂਫ਼ਾਨ ਟਰਾਮੀ ਅਤੇ ਸੁਪਰ ਟਾਈਫੂਨ ਕੋਂਗ-ਰੇ ਕਾਰਨ ਘੱਟੋ-ਘੱਟ 145 ਲੋਕ ਮਾਰੇ ਗਏ ਸਨ। ਦੇਸ਼ ਭਰ ’ਚ ਖ਼ਰਾਬ ਮੌਸਮ ਤੋਂ ਪ੍ਰਭਾਵਿਤ ਲੋਕਾਂ ਦੀ ਗਿਣਤੀ 70 ਲੱਖ ਨੂੰ ਪਾਰ ਕਰ ਗਈ ਹੈ। ਨਵੰਬਰ ਦੇ ਸ਼ੁਰੂ ਵਿੱਚ, ਯਿੰਕਸਿੰਗ ਅਤੇ ਤੋਰਾਜੀ ਤੂਫ਼ਾਨ ਫ਼ਿਲੀਪੀਨਜ਼ ਵਿਚ ਆਏ, ਜਿਸ ਕਾਰਨ ਹਜ਼ਾਰਾਂ ਲੋਕ ਬੇਘਰ ਹੋ ਗਏ।