ਰੋਜੀ-ਰੋਟੀ ਦੀ ਭਾਲ ’ਚ ਵਿਦੇਸ਼ ਗਏ ਪੰਜਾਬੀਆਂ ਨਾਲ ਮੌਤਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਆਏ ਦਿਨ ਕਿਸੇ ਨਾ ਕਿਸੇ ਪੰਜਾਬੀ ਨੌਜਵਾਨ ਦੀ ਮੌਤ ਦੀ ਖ਼ਬਰ ਸਾਹਮਣੇ ਆਉਂਦੀ ਹੀ ਰਹਿੰਦੀ ਹੈ। ਇਸੇ ਤਰ੍ਹਾਂ ਕੈਨੇਡਾ ਤੋਂ ਇੱਕ ਵਾਰ ਫਿਰ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ, ਜਦੋਂ ਸ਼ੱਕੀ ਹਾਲਾਤਾਂ ’ਚ ਪਾਰਕ ਦੇ ਨੇੜੇ ਇੱਕ ਪੰਜਾਬੀ ਨੌਜਵਾਨ ਦੀ ਲਾਸ਼ ਬਰਾਮਦ ਹੋਈ। ਮ੍ਰਿਤਕ ਨੌਜਵਾਨ ਦੀ ਪਹਿਚਾਣ 27 ਸਾਲਾਂ ਮਨਜੋਤ ਸਿੰਘ ਵੱਜੋਂ ਹੋਈ ਹੈ ਜੋ ਕਿ ਨਵਾਂਸ਼ਹਿਰ ਜ਼ਿਲ੍ਹੇ ਦੇ ਕਸਬਾ ਬਹਿਰਾਮ ਨੇੜੇ ਪਿੰਡ ਕਟ ਨਾਲ ਸੰਬੰਧਿਤ ਦੱਸਿਆ ਜਾ ਰਿਹਾ ਹੈ।
ਜਾਣਕਾਰੀ ਦਿੰਦਿਆਂ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਮਨਜੋਤ ਦੋ ਮਹੀਨੇ ਪਹਿਲਾਂ ਹੀ ਵਰਕ ਪਰਮਿਟ ’ਤੇ ਕੈਨੇਡਾ ਗਿਆ ਸੀ ਤੇ ਉਸਦੀ ਭੈਣ ਵੀ ਟੋਰਾਂਟੋ ’ਚ ਰਹਿੰਦੀ ਹੈ। ਪਰਿਵਾਰ ਮੁਤਾਬਕ ਭੈਣ ਨੇ ਪਰਿਵਾਰ ਨੂੰ ਦੱਸਿਆ ਕਿ ਮਨਜੋਤ ਘਰੋਂ ਸੈਰ ਕਰਨ ਦਾ ਕਹਿ ਕੇ ਨਿਕਲਿਆ ਸੀ ਪਰ ਵਾਪਸ ਨਹੀਂ ਪਰਤਿਆ। ਇਸ ਤੋਂ ਬਾਅਦ ਜਦੋਂ ਭਾਲ ਕਰਨ ’ਤੇ ਉਹ ਨਾ ਮਿਲਿਆ ਤਾਂ ਪੁਲਿਸ ਨੂੰ ਸੂਚਨਾ ਦਿੱਤੀ ਗਈ। ਕੁੱਝ ਸਮੇਂ ਬਾਅਦ ਪੁਲਿਸ ਨੂੰ ਮਨਜੋਤ ਦੀ ਲਾਸ਼ ਪਾਰਕ ਦੇ ਨੇੜੇ ਤੋਂ ਸ਼ੱਕੀ ਹਾਲਾਤਾਂ ’ਚ ਮਿਲੀ।
ਹਾਲੇ ਨੌਜਵਾਨ ਦੀ ਮੌਤ ਦੇ ਕਾਰਨਾਂ ਦਾ ਸਪੱਸ਼ਟ ਤੌਰ ’ਤੇ ਪਤਾ ਨਹੀਂ ਚੱਲ ਸਕਿਆ ਹੈ, ਪਰ ਪੁਲਿਸ ਵੱਲੋਂ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਕਿਸੇ ਵਾਹਨ ਨੇ ਮਨਜੋਤ ਨੂੰ ਟੱਕਰ ਮਾਰੀ ਹੈ। ਫਿਲਹਾਲ ਪੁਲਿਸ ਵੱਲੋਂ ਮਾਮਲੇ ਨੂੰ ਲੈ ਕੇ ਜਾਂਚ ਕੀਤੀ ਜਾ ਰਹੀ ਹੈ।