ਫਰੀਦਕੋਟ ਦੇ ਪਿੰਡ ਹਰੀ ਨੌਂ ਵਿਖੇ ਇੱਕ ਨੋਜਵਾਨ ਦਾ ਗੋਲੀਆਂ ਮਾਰ ਕੇ ਕ਼ਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਹਿਚਾਣ 32 ਸਾਲਾਂ ਗੁਰਪ੍ਰੀਤ ਸਿੰਘ ਵਾਸੀ ਪਿੰਡ ਹਰੀ ਨੋਂ ਵੱਜੋਂ ਹੋਈ। ਜਾਣਕਾਰੀ ਮੁਤਾਬਿਕ ਫਰੀਦਕੋਟ ਦੇ ਪਿੰਡ ਹਰੀ ਨੋਂ ਵਿਖੇ ਗੁਰਪ੍ਰੀਤ ਸਿੰਘ ਨਾਮਕ ਨੌਜਵਾਨ ਪੰਚਾਇਤੀ ਚੋਣਾਂ ’ਚ ਸਰਪੰਚ ਉਮੀਦਵਾਰ ਦੇ ਹੱਕ ’ਚ ਚੋਣ ਪ੍ਰਚਾਰ ਕਰ ਮਗਰੋਂ ਘਰ ਵਾਪਿਸ ਜਾ ਰਿਹਾ ਸੀ ਕਿ ਦੂਜੇ ਪਾਸਿਓ ਇੱਕ ਬਾਇਕ ਤੇ ਸਵਾਰ ਤਿੰਨ ਅਣਪਛਾਤੇ ਬੰਦੇ ਆਉਦੇ ਹੀ ਉਸਤੇ ਧੜਾਧੜ ਗੋਲੀਆਂ ਚਲਾ ਦਿੰਦੇ ਹਨ, ਜਿਸ ’ਚ ਗੁਰਪ੍ਰੀਤ ਨੂੰ ਚਾਰ ਗੋਲ਼ੀਆਂ ਲੱਗਦੀਆਂ ਹਨ ਅਤੇ ਹਮਲਾਵਰ ਉਥੋਂ ਫ਼ਰਾਰ ਹੋ ਜਾਂਦੇ ਹਨ। ਇਸ ਤੋਂ ਬਾਅਦ ਜ਼ਖ਼ਮੀ ਹਾਲਤ ’ਚ ਗੁਰਪ੍ਰੀਤ ਨੂੰ ਫਰੀਦਕੋਟ ਦੇ ਮੈਡੀਕਲ ਹਸਪਤਾਲ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤ ਘੋਸ਼ਿਤ ਕਰ ਦਿੱਤਾ।
ਜਾਣਕਾਰੀ ਮੁਤਾਬਕ ਗੁਰਪ੍ਰੀਤ ਸਿੰਘ ਲਗਾਤਾਰ ਗੁਰੂ ਗ੍ਰੰਥ ਸਾਹਿਬ ਜੀ ਦੇ ਬੇਅਦਬੀਆ ਦੇ ਮਾਮਲਿਆ ਦੇ ਇਨਸਾਫ ਦੀ ਲੜਾਈ ’ਚ ਸੁਖਰਾਜ ਸਿੰਘ ਨਾਲ ਜੁੜਿਆ ਰਿਹਾ ਹੈ ਅਤੇ ਹਰੀ ਨੋਂ ਟਾਕ ਨਾਮਕ ਆਪਣਾ ਯੂ ਟਿਊਬ ਚੈੱਨਲ ਚਲਾਉਂਦਾ ਸੀ ਅਤੇ ਪੰਥਕ ਜਥੇਬੰਦੀਆਂ ਨਾਲ ਵੀ ਜੁੜਿਆ ਹੋਇਆ ਸੀ। ਇਸ ਮੌਕੇ ਸੁਖਰਾਜ ਸਿੰਘ ਨੇ ਦੱਸਿਆ ਕਿ ਕੁੱਝ ਅਣਪਛਾਤੇ ਬੰਦੇ ਬਾਇਕ ਤੇ ਆਕੇ ਗੁਰਪ੍ਰੀਤ ਦਾ ਘਰ ਪੁੱਛਦੇ ਹਨ ਅਤੇ ਫਿਰ ਉਸਦੇ ਪਿੱਛੇ ਜਾਕੇ ਉਸ ’ਤੇ ਫਾਇਰਿੰਗ ਕਰ ਦਿੰਦੇ ਹਨ। ਉਨ੍ਹਾਂ ਕਿਹਾ ਕਿ ਪੁਲਿਸ ਨੂੰ ਇਸ ਮਾਮਲੇ ’ਚ ਗੰਭੀਰਤਾ ਨਾਲ ਜਾਂਚ ਕਰ ਕਾਤਲਾਂ ਦਾ ਪਤਾ ਕਰੇ ਅਤੇ ਇਸ ਦੇ ਪਿੱਛੇ ਅਸਲ ਦੋਸ਼ੀਆਂ ਦੀ ਪਹਿਚਾਣ ਕਰੇ। ਉਧਰ ਡੀਐਸਪੀ ਸ਼ਮਸ਼ੇਰ ਸਿੰਘ ਨੇ ਮਾਮਲੇ ਦੀ ਜਾਣਕਾਰੀ ਦਿੰਦੇ ਦੱਸਿਆ ਕਿ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਜਲਦ ਹੀ ਦੋਸ਼ੀਆਂ ਦਾ ਪਤਾ ਲਗਾਇਆ ਜਾਵੇਗਾ।