ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਜਿੱਥੇ ਆਮ ਆਦਮੀ ਪਾਰਟੀ ਵੱਲੋਂ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਤਾਂ ਉੱਥੇ ਹੀ ਭਾਜਪਾ ਵੱਲੋਂ ਵੀ ਚੋਣ ਪ੍ਰਚਾਰ ’ਚ ਤੇਜ਼ੀ ਦੇਖੀ ਜਾ ਰਹੀ ਹੈ। ਇਸੇ ਤਰ੍ਹਾਂ ਭਾਜਪਾ ਦੇ ਕੇਂਦਰੀ ਰੱਖਿਆ ਮੰਤਰੀ ਨੇ ਸ਼੍ਰੀ ਆਨੰਦਪੁਰ ਸਾਹਿਬ ਤੋਂ ਭਾਜਪਾ ਉਮੀਦਵਾਰ ਡਾ. ਸੁਭਾਸ਼ ਸ਼ਰਮਾ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ। ਕੁਰਾਲੀ ਦੇ ਦੁਸਹਿਰਾ ਗਰਾਊਂਡ ਵਿੱਚ ਕੀਤੀ ਗਈ ਵਿਸ਼ਾਲ ਰੈਲ੍ਹੀ ਵਿੱਚ ਰੱਖਿਆ ਮੰਤਰੀ ਰਾਜਨਾਥ ਸਿੰਘ ਵਿਸ਼ੇਸ਼ ਤੌਰ ’ਤੇ ਪਹੁੰਚੇ। ਇਸ ਦੌਰਾਨ ਰਾਜਨਾਥ ਸਿੰਘ ਨੇ ਜਿੱਥੇ ਮੋਦੀ ਸਰਕਾਰ ਦਾ ਗੁਣਗਾਣ ਕੀਤਾ ਤਾਂ ਉੱਥੇ ਹੀ ਵਿਰੋਧੀ ਧਿਰਾਂ ਨੂੰ ਵੀ ਨਿਸ਼ਾਨਾ ਬਣਾਇਆ।
ਰੈਲ੍ਹੀ ਨੂੰ ਸੰਬੋਧਨ ਕਰਦਿਆਂ ਰਾਜਨਾਥ ਸਿੰਘ ਨੇ ਕਿਹਾ ਕਿ ਪੂਰੇ ਦੇਸ਼ ਦੀ ਤਰ੍ਹਾਂ ਪੰਜਾਬ ਵਿੱਚ ਵੀ ਮੋਦੀ ਲਹਿਰ ਚੱਲ ਰਹੀ ਹੈ। ਪ੍ਰਧਾਨ ਮੰਤਰੀ ਦੀ ਯੋਗ ਅਤੇ ਮਜ਼ਬੂਤ ਅਗਵਾਈ ਸਦਕਾ ਪੰਜਾਬ ਅਤੇ ਦੇਸ਼ ਦੀਆਂ ਸਰਹੱਦਾਂ ਪੂਰੀ ਤਰ੍ਹਾਂ ਸੁਰੱਖਿਅਤ ਹਨ। ਪਾਕਿਸਤਾਨ ਵੱਲ ਇਸ਼ਾਰਾ ਕਰਦੇ ਹੋਏ ਰਾਜਨਾਥ ਸਿੰਘ ਨੇ ਕਿਹਾ ਕਿ ਚਿੰਤਾ ਨਾ ਕਰੋ, ਬਹੁਤ ਜਲਦੀ ਪੀਓਕੇ ਨੂੰ ਵੀ ਵਾਪਸ ਲਿਆਂਦਾ ਜਾਵੇਗਾ। ਭਾਰਤ ਨੂੰ ਵਿਸ਼ਵ ਸ਼ਕਤੀ ਵਜੋਂ ਉਭਰਨ ਦੀ ਲੋੜ ‘ਤੇ ਜ਼ੋਰ ਦਿੰਦਿਆਂ ਰਾਜਨਾਥ ਸਿੰਘ ਨੇ ਕਿਹਾ ਕਿ 2014 ‘ਚ ਦੇਸ਼ ਦਾ ਰੱਖਿਆ ਨਿਰਯਾਤ ਲਗਭਗ 600-800 ਕਰੋੜ ਰੁਪਏ ਸੀ, ਅੱਜ ਇਹ 31,000 ਕਰੋੜ ਰੁਪਏ ਨੂੰ ਪਾਰ ਕਰ ਗਿਆ ਹੈ।