ਚੰਡੀਗੜ੍ਹ : ਕੇਂਦਰੀ ਸੜਕੀ ਆਵਾਜਾਈ ਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਦਾ ਪੀ. ਏ. ਬਣ ਕੇ ਪੈਟਰੋਲ ਪੰਪ ਟਰਾਂਸਫਰ ਕਰਵਾਉਣ ਦੇ ਨਾਂ ’ਤੇ ਮੰਡੀ ਗੋਬਿੰਦਗੜ੍ਹ ਦੇ ਇਕ ਵਿਅਕਤੀ ਨਾਲ 57 ਲੱਖ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮੁਲਜ਼ਮ ਨੇ ਸ਼ਿਕਾਇਤਕਰਤਾ ਕੰਵਲਪ੍ਰੀਤ ਸਿੰਘ ਨੂੰ ਪੈਟਰੋਲ ਪੰਪ ਟਰਾਂਸਫਰ ਕਰਨ ਦੇ ਜਾਅਲੀ ਦਸਤਾਵੇਜ਼ ਵੀ ਸੌਂਪ ਦਿੱਤੇ।
ਮੰਡੀ ਗੋਬਿੰਦਗੜ੍ਹ ਵਾਸੀ ਕੰਵਲਪ੍ਰੀਤ ਸਿੰਘ ਨੇ ਮਾਮਲੇ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ। ਸੈਕਟਰ-49 ਥਾਣਾ ਪੁਲਸ ਨੇ ਮਾਮਲੇ ਦੀ ਜਾਂਚ ਕਰਦਿਆਂ ਮੁਲਜ਼ਮ ਮੋਹਿਤ ਗੋਗੀਆ ਤੇ ਰਜਤ ਮਲਹੋਤਰਾ ਖ਼ਿਲਾਫ਼ ਧੋਖਾਧੜੀ ਤੇ ਹੋਰ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ।
ਕੰਵਲਪ੍ਰੀਤ ਸਿੰਘ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਸ ਨੂੰ ਮੰਡੀ ਗੋਬਿੰਦਗੜ੍ਹ ’ਚ ਪੈਟਰੋਲ ਪੰਪ ਅਲਾਟ ਹੋਇਆ ਸੀ ਪਰ ਉਸ ਜਗ੍ਹਾ ਰੇਲਵੇ ਓਵਰਬ੍ਰਿਜ ਬਣਦਾ ਹੋਣ ਕਾਰਨ ਉਸ ਨੂੰ ਥਾਂ ਬਦਲਵਾਉਣ ਦੀ ਲੋੜ ਸੀ। ਉਸ ਨੇ ਇਸ ਬਾਰੇ ਆਪਣੇ ਦੋਸਤਾਂ ਨਾਲ ਚਰਚਾ ਕੀਤੀ, ਜਿਥੇ ਉਸ ਦੀ ਮਹਿਲਾ ਮਿੱਤਰ ਕਾਂਤਾ ਨੇ ਮੋਹਿਤ ਗੋਗੀਆ ਨਾਲ ਸੰਪਰਕ ਕਰਨ ਦਾ ਸੁਝਾਅ ਦਿੱਤਾ। ਗੋਗੀਆ ਨੇ ਖ਼ੁਦ ਨੂੰ ਕੇਂਦਰੀ ਮੰਤਰੀ ਨਿਤਿਨ ਗਡਕਰੀ ਦਾ ਕਰੀਬੀ ਦੱਸਦਿਆਂ ਮਦਦ ਦਾ ਭਰੋਸਾ ਦਿੱਤਾ।
ਮੋਹਿਤ ਗੋਗੀਆ ਨੇ ਪੈਟਰੋਲ ਪੰਪ ਦੀ ਜਗ੍ਹਾ ਚੰਡੀਗੜ੍ਹ ’ਚ ਬਦਲਵਾਉਣ ਲਈ ਵੱਖ-ਵੱਖ ਕਿਸ਼ਤਾਂ ’ਚ 57.50 ਲੱਖ ਰੁਪਏ ਆਪਣੇ ਤੇ ਆਪਣੇ ਸਾਥੀ ਰਜਤ ਮਲਹੋਤਰਾ ਦੇ ਖਾਤਿਆਂ ’ਚ ਟਰਾਂਸਫਰ ਕਰਵਾਏ। ਦਸੰਬਰ 2022 ’ਚ ਗੋਗੀਆ ਨੇ ਸ਼ਿਕਾਇਤਕਰਤਾ ਨੂੰ ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰੀ ਹਰਦੀਪ ਪੁਰੀ ਦੇ ਦਸਤਖ਼ਤ ਵਾਲਾ ਇਕ ਪੱਤਰ ਸੌਂਪਿਆ।
ਉਸ ਨੇ ਜਦੋਂ ਪੱਤਰ ਦੇਖਿਆ ਤਾਂ ਉਸ ’ਚ ਹਰਦੀਪ ਸਿੰਘ ਪੁਰੀ ਨੂੰ ਗ਼ਲਤ ਢੰਗ ਨਾਲ ਇਸਪਾਤ ਮੰਤਰੀ ਦੱਸਿਆ ਗਿਆ ਜਦਕਿ ਉਨ੍ਹਾਂ ਨੂੰ ਇਹ ਅਹੁਦਾ ਕਦੇ ਨਹੀਂ ਦਿੱਤਾ ਗਿਆ। ਸ਼ੱਕ ਹੋਣ ’ਤੇ ਸ਼ਿਕਾਇਤਕਰਤਾ ਨੇ ਗੋਗੀਆ ਨਾਲ ਗੱਲ ਕੀਤੀ ਪਰ ਉਸ ਨੇ ਮਾਮਲਾ ਟਾਲ ਦਿੱਤਾ। ਇਸ ਤੋਂ ਬਾਅਦ ਕੰਵਲਪ੍ਰੀਤ ਸਿੰਘ ਨੂੰ ਠੱਗੀ ਦਾ ਅਹਿਸਾਸ ਹੋਇਆ ਤੇ ਉਸ ਨੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ।