ਲੋਕ ਸਭਾ ਵਿੱਚ ਅੱਜ ਵਿਰੋਧੀ ਧਿਰ ਦੇ ਮੈਂਬਰਾਂ ਨੇ ਨੀਟ-ਯੂਜੀ ਦੀ ਪ੍ਰੀਖਿਆ ਵਿੱਚ ਕਥਿਤ ਅਨਿਯਮਤਾਵਾਂ ਬਾਰੇ ਚਰਚਾ ਕਰਵਾਉਣ ਦੀ ਮੰਗ ਨੂੰ ਲੈ ਕੇ ਖੂਬ ਹੰਗਾਮਾ ਕੀਤਾ। ਜਿਸ ਕਾਰਨ ਸਦਨ ਦੀ ਕਾਰਵਾਈ ਇਕ ਵਾਰ ਮੁਲਤਵੀ ਹੋਣ ਤੋਂ ਬਾਅਦ ਫਿਰ ਸਾਰੇ ਦਿਨ ਲਈ ਮੁਲਤਵੀ ਕਰ ਦਿੱਤੀ ਗਈ। ਸਦਨ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਕਿਹਾ ਕਿ ਰਾਸ਼ਟਰਪਤੀ ਦੇ ਭਾਸ਼ਣ ’ਤੇ ਧੰਨਵਾਦ ਪ੍ਰਸਤਾਵ ’ਤੇ ਚਰਚਾ ਹੋਣ ਤੋਂ ਪਹਿਲਾਂ ਨੀਟ ਦੇ ਮਾਮਲੇ ’ਤੇ ਚਰਚਾ ਕਰਾਉਣੀ ਚਾਹੀਦੀ ਹੈ, ਪਰ ਦੂਜੇ ਪਾਸੇ ਸੰਸਦੀ ਮਾਮਲਿਆਂ ਦੇ ਮੰਤਰੀ ਕਿਰਨ ਰਿਜਿਜੂ ਨੇ ਕਿਹਾ ਕਿ ਰਾਸ਼ਟਰਪਤੀ ਭਾਸ਼ਣ ਤੋਂ ਬਾਅਦ ਸਭ ਤੋਂ ਪਹਿਲਾਂ ਇਸ ’ਤੇ ਲਿਆਂਦੇ ਗਏ ਧੰਨਵਾਦ ਮਤੇ ’ਤੇ ਚਰਚਾ ਹੁੰਦੀ ਹੈ ਅਤੇ ਵੱਖਰੇ ਤੌਰ ’ਤੇ ਕਿਸੇ ਵਿਸ਼ੇ ’ਤੇ ਚਰਚਾ ਦੀ ਰਵਾਇਤ ਨਹੀਂ ਹੈ।
ਇਸ ਦੌਰਾਨ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਵੀ ਵਿਰੋਧੀ ਧਿਰ ਦੇ ਮੈਂਬਰਾਂ ਨੂੰ ਸਦਨ ਦੀ ਕਾਰਵਾਈ ਚਲਾਉਣ ਦੇਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਭਾਸ਼ਣ ’ਤੇ ਚਰਚਾ ਤੋਂ ਬਾਅਦ ਨੀਟ ਤੇ ਹੋਰ ਸਾਰੇ ਮੁੱਦਿਆਂ ਨੂੰ ਲੈ ਕੇ ਚਰਚਾ ਕੀਤੀ ਜਾ ਸਕਦੀ ਹੈ। ਪਰ ਵਿਰੋਧੀ ਧਿਰ ਤੇ ਸੱਤਾ ਧਿਰ ਦੋਵੇਂ ਆਪਣੀ ਜਿੱਦ ’ਤੇ ਅੜੇ ਰਹੇ। ਇਸ ਤੋਂ ਬਾਅਦ ਇਕ ਵਾਰ ਮੁਲਤਵੀ ਹੋਣ ਤੋਂ ਬਾਅਦ ਦੁਪਹਿਰ 12 ਵਜੇ ਸਦਨ ਦੀ ਕਾਰਵਾਈ ਮੁੜ ਸ਼ੁਰੂ ਹੋਈ। ਇਸ ਦੌਰਾਨ ਵੀ ਵਿਰੋਧੀ ਧਿਰ ਦੇ ਹੰਗਾਮੇ ਤੋਂ ਬਾਅਦ ਪਹਿਲੀ ਜੁਲਾਈ ਸਵੇਰੇ 11 ਵਜੇ ਤੱਕ ਸਦਨ ਦੀ ਕਾਰਵਾਈ ਮੁਲਤਵੀ ਕਰ ਦਿੱਤੀ ਗਈ। ਇਸੇ ਤਰ੍ਹਾਂ ਰਾਜ ਸਭਾ ਦੀ ਕਾਰਵਾਈ ਵੀ ਇਸ ਹੰਗਾਮੇ ਕਾਰਨ ਪਹਿਲਾਂ 12 ਵਜੇ ਤੱਕ ਅਤੇ ਫਿਰ ਬਾਅਦ ਦੁਪਹਿਰ 2 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ।