ਅਮਰੀਕਾ ’ਚ ਨਵੰਬਰ ਦੇ ਮਹੀਨੇ ਰਾਸ਼ਟਰਪਤੀ ਚੋਣਾਂ ਹੋਣ ਜਾ ਰਹੀਆਂ ਹਨ, ਰਾਸ਼ਟਰਪਤੀ ਅਹੁਦੇ ਦੇ ਦੋਵੇਂ ਉਮੀਦਵਾਰ ਜੌਅ ਬਾਇਡੇਨ ਅਤੇ ਡੌਨਾਲਡ ਟਰੰਪ ਜ਼ੋਰਾਂ-ਸ਼ੋਰਾਂ ਦੇ ਨਾਲ ਚੋਣ ਪ੍ਰਚਾਰ ਵਿੱਚ ਲੱਗੇ ਹੋਏ ਹਨ। ਪਰ ਇਸ ਵਿਚਾਲੇ ਅਮਰੀਕੀ ਰਾਸ਼ਟਰਪਤੀ ਜੌਅ ਬਾਇਡੇਨ ਦੀਆਂ ਮੁਸ਼ਕਿਲਾਂ ਉਸ ਸਮੇਂ ਵੱਧ ਗਈਆਂ ਜਦੋਂ ਉਨ੍ਹਾਂ ਨੂੰ ਖੁਦ ਦੇ ਕੋਵਿਡ-19 ਸੰਕਰਮਿਤ ਹੋਣ ਦਾ ਪਤਾ ਚੱਲਿਆ। ਦਰਅਸਲ ਲਾਸ ਵੇਗਾਸ ਵਿੱਚ ਯੂਨੀਡੋਸਸ ਕਾਨਫਰੰਸ ਵਿੱਚ ਬਾਇਡੇਨ ਦੇ ਭਾਸ਼ਣ ਤੋਂ ਪਹਿਲਾਂ ਉਨ੍ਹਾਂ ਦਾ ਕੋਵਿਡ ਲਈ ਟੈਸਟ ਕੀਤਾ ਗਿਆ ਸੀ, ਜਿਸ ਵਿੱਚ ਉਹ ਪੋਜ਼ੀਟਿਵ ਪਾਏ ਗਏ ਹਨ। ਇਸ ਸੰਬੰਧੀ ਜਾਣਕਾਰੀ ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਕਰੀਨ ਜੀਨ ਪੀਅਰੇ ਵੱਲੋਂ ਦਿੱਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਅਮਰੀਕੀ ਰਾਸ਼ਟਰਪਤੀ ਦਿਨ ਦੇ ਸਮੇਂ ਠੀਕ ਮਹਿਸੂਸ ਨਹੀਂ ਕਰ ਰਹੇ ਸੀ, ਉਨ੍ਹਾਂ ’ਚ ਕੋਵਿਡ ਦੇ ਹਲਕੇ ਲੱਛਣ ਦਿਖਣ ਤੋਂ ਬਾਅਦ ਰਾਸ਼ਟਰਪਤੀ ਦਾ ਟੈਸਟ ਕੀਤਾ ਗਿਆ ਸੀ, ਹੁਣ ਉਨ੍ਹਾਂ ਨੂੰ ਆਈਸੋਲੇਟ ਕੀਤਾ ਜਾਵੇਗਾ। ਇਸ ਦੌਰਾਨ ਉਹ ਰੋਹੋਬੋਥ ਦੇ ਆਪਣੇ ਘਰ ’ਚ ਆਈਸੋਲੇਟ ਰਹਿ ਕੇ ਹੀ ਆਪਣੀ ਡਿਊਟੀ ਨਿਭਾਉਣਗੇ। ਇਸ ਦੇ ਨਾਲ ਹੀ ਜੀਨ ਪੀਅਰੇ ਨੇ ਦੱਸਿਆ ਕਿ ਰਾਸ਼ਟਰਪਤੀ ਨੂੰ ਪੈਕਸਲੋਵਿਡ ਦੀ ਪਹਿਲੀ ਖੁਰਾਕ ਦਿੱਤੀ ਗਈ ਹੈ ਤੇ ਉਹ ਥੋੜੀ ਰਾਹਤ ਵੀ ਮਹਿਸੂਸ ਕਰ ਰਹੇ ਹਨ।