ਅਮਰੀਕੀ ਰਾਸ਼ਟਰਪਤੀ ਜੌਅ ਬਾਇਡੇਨ ਦੇ ਪੁੱਤਰ ਹੰਟਰ ਬਾਇਡੇਨ ਨੂੰ 13 ਨਵੰਬਰ ਨੂੰ ਸਜ਼ਾ ਸੁਣਾਈ ਜਾਵੇਗੀ, ਕਿਉਂਕਿ ਇੱਕ ਜਿਊਰੀ ਦੁਆਰਾ ਉਸਨੂੰ ਸੰਘੀ ਬੰਦੂਕ ਦੇ ਦੋਸ਼ਾਂ ਵਿੱਚ ਦੋਸ਼ੀ ਠਹਿਰਾਇਆ ਗਿਆ ਹੈ। ਤੁਹਾਨੂੰ ਦੱਸ ਦਈਏ ਕੇ 11 ਜੂਨ ਨੂੰ ਹੰਟਰ ਬਾਇਡੇਨ ਨੂੰ ਜਿਊਰੀ ਨੇ ਦੋਸ਼ੀ ਠਹਿਰਾਇਆ ਸੀ ਜਿਸ ਤੋਂ ਬਾਅਦ ਹੰਟਰ ਬਾਇਡੇਨ ਇੱਕ ਮੌਜੂਦਾ ਰਾਸ਼ਟਰਪਤੀ ਦਾ ਪਹਿਲਾ ਬੱਚਾ ਬਣ ਗਿਆ ਜਿਸਨੂੰ ਇੱਕ ਘੋਰ ਅਪਰਾਧ ਲਈ ਦੋਸ਼ੀ ਠਹਿਰਾਇਆ ਗਿਆ ਹੈ।
ਵਿਲਮਿੰਗਟਨ, ਡੇਲਾਵੇਅਰ ਵਿੱਚ ਇੱਕ ਜਿਊਰੀ ਨੇ ਉਸਨੂੰ 2018 ਵਿੱਚ ਇੱਕ ਹੈਂਡਗਨ ਖਰੀਦਣ ਵੇਲੇ ਗੈਰ ਕਾਨੂੰਨੀ ਨਸ਼ੀਲੇ ਪਦਾਰਥਾਂ ਦੀ ਵਰਤੋਂ ਬਾਰੇ ਝੂਠ ਬੋਲਣ ਦੇ ਤਿੰਨ ਮਾਮਲਿਆਂ ਵਿੱਚ ਦੋਸ਼ੀ ਪਾਇਆ ਹੈ। ਜੇਕਰ ਸਜ਼ਾ ਦੀ ਗੱਲ ਕਰੀਏ ਤਾਂ ਬੰਦੂਕ ਨਾਲ ਸਬੰਧਤ ਕੇਸਾਂ ਲਈ ਸਜ਼ਾ 15 ਤੋਂ 21 ਮਹੀਨੇ ਹੈ, ਪਰ ਕਾਨੂੰਨੀ ਮਾਹਿਰਾਂ ਦਾ ਕਹਿਣਾ ਹੈ ਕਿ ਅਜਿਹੇ ਮਾਮਲਿਆਂ ਵਿੱਚ ਬਚਾਓ ਪੱਖ ਅਕਸਰ ਘੱਟ ਸਜ਼ਾ ਪ੍ਰਾਪਤ ਕਰਦੇ ਹਨ ਜੇਕਰ ਉਹ ਆਪਣੀ ਪ੍ਰੀ-ਟਰਾਇਲ ਰਿਹਾਈ ਦੀਆਂ ਸ਼ਰਤਾਂ ਦੀ ਪਾਲਣਾ ਕਰਦੇ ਹਨ ਤਾਂ ਉਹਨਾਂ ਨੂੰ ਜੇਲ੍ਹ ਵਿੱਚ ਡੱਕਣ ਦੀ ਸੰਭਾਵਨਾ ਘੱਟ ਹੁੰਦੀ ਹੈ।
ਹੰਟਰ ਬਾਇਡੇਨ ’ਤੇ ਮੁਕੱਦਮੇ ਦੇ ਦੌਰਾਨ, ਸਰਕਾਰੀ ਵਕੀਲਾਂ ਨੇ ਹੰਟਰ ਬਾਇਡੇਨ ਦੇ ਸ਼ਰਾਬ ਅਤੇ ਕਰੈਕ ਕੋਕੀਨ ਦੀ ਦੁਰਵਰਤੋਂ ਦੇ ਨਾਲ ਸਾਲਾਂ-ਲੰਬੇ ਸੰਘਰਸ਼ ਬਾਰੇ ਡੂੰਘਾਈ ਨਾਲ ਵੇਰਵੇ ਪ੍ਰਦਾਨ ਕੀਤੇ, ਜਿਸ ਬਾਰੇ ਉਹਨਾਂ ਨੇ ਕਿਹਾ ਕਿ ਉਸਨੂੰ ਕਾਨੂੰਨੀ ਤੌਰ ‘ਤੇ ਬੰਦੂਕ ਖਰੀਦਣ ਤੋਂ ਰੋਕ ਦਿੱਤਾ ਗਿਆ ਸੀ। ਹਾਲਾਂਕਿ ਬਾਇਡੇਨ ਦੇ ਵਕੀਲਾਂ ਨੇ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਕਿ ਜਦੋਂ ਉਸਨੇ ਬੰਦੂਕ ਖਰੀਦੀ ਸੀ ਤਾਂ ਉਹ ਨਸ਼ੇ ’ਚ ਨਹੀਂ ਸੀ ਅਤੇ ਨਾ ਹੀ ਧੋਖਾ ਦੇਣ ਦਾ ਕੋਈ ਇਰਾਦਾ ਸੀ, ਕਿਉਂਕਿ ਉਸਨੇ ਫਾਰਮ ਭਰਨ ਵੇਲੇ ਹੰਟਰ ਨੇ ਖੁਦ ਨੂੰ ਨਸ਼ਾ ਕਰਨ ਵਾਲਾ ਨਹੀਂ ਮੰਨਿਆ ਸੀ।
ਹੰਟਰ ਬਾਇਡੇਨ ‘ਤੇ ਕੈਲੀਫੋਰਨੀਆ ਵਿੱਚ ਤਿੰਨ ਸੰਗੀਨ ਜੁਰਮਾਂ ਅਤੇ ਛੇ ਛੋਟੇ ਟੈਕਸ ਅਪਰਾਧਾਂ ਦਾ ਵੀ ਦੋਸ਼ ਲਗਾਇਆ ਗਿਆ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਹੰਟਰ 2016 ਅਤੇ 2019 ਦੇ ਵਿਚਕਾਰ $1.4 ਮਿਲੀਅਨ ਟੈਕਸ ਦਾ ਭੁਗਤਾਨ ਕਰਨ ਵਿੱਚ ਅਸਫਲ ਰਿਹਾ ਪਰ ਉਸਨੇ ਨਸ਼ਿਆਂ, ਐਸਕੌਰਟਸ, ਵਿਦੇਸ਼ੀ ਕਾਰਾਂ ਅਤੇ ਹੋਰ ਮਹਿੰਗੀਆਂ ਚੀਜ਼ਾਂ ‘ਤੇ ਲੱਖਾਂ ਡਾਲਰ ਖਰਚੇ।