ਰਈਆ – ਵਿਜੀਲੈਂਸ ਦੀ ਟੀਮ ਵੱਲੋਂ ਬਲਾਕ ਵਿਕਾਸ ਤੇ ਪੰਚਾਇਤ ਦਫਤਰ ਰਈਆ ਵਿਖੇ ਇਕ ਸਾਬਕਾ ਸਰਪੰਚ ਦੀ ਸ਼ਿਕਾਇਤ ’ਤੇ ਬਲਾਕ ਪੰਚਾਇਤ ਤੇ ਵਿਕਾਸ ਅਫਸਰ ਕੁਲਵੰਤ ਸਿੰਘ ਨੂੰ 40 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਮੌਕੇ ’ਤੇ ਕਾਬੂ ਕਰ ਲਿਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਇੰਸਪੈਕਟਰ ਵਿਜੀਲੈਂਸ ਇੰਦਰਜੀਤ ਸਿੰਘ ਨੇ ਦੱਸਿਆ ਕਿ ਬਲਾਕ ਰਈਆ ਦੇ ਅਧੀਨ ਆਉਂਦੇ ਪਿੰਡ ਸ਼ਾਹਪੁਰ ਦੇ ਸਾਬਕਾ ਸਰਪੰਚ ਹਰਜੀਤ ਕੌਰ ਜਿਸ ਉਪਰ ਕੋਈ ਕਥਿਤ ਗਬਨ ਦਾ ਕੇਸ ਪਾਉਣ ਦਾ ਡਰਾਵਾ ਦੇ ਕੇ ਕੇਸ ’ਚੋਂ ਬਚਾਉਣ ਦੇ ਇਵਜ ’ਚ ਬੀ. ਡੀ. ਪੀ. ਓ. ਵੱਲੋਂ ਇਕ ਦਿਨ ਪਹਿਲਾਂ ਇਕ ਲੱਖ ਰੁਪਏ ਦਾ ਸੌਦਾ ਤਹਿ ਕੀਤਾ ਗਿਆ ਸੀ।
ਸਾਬਕਾ ਸਰਪੰਚ ਦੇ ਪਤੀ ਮਲਕੀਤ ਸਿੰਘ ਵੱਲੋਂ ਵਿਜੀਲੈਂਸ ਦੇ ਦਫਤਰ ਨਾਲ ਰਾਬਤਾ ਕਰ ਕੇ ਪਹਿਲੀ ਕਿਸ਼ਤ ਵਜੋਂ 40 ਹਜ਼ਾਰ ਰੁਪਏ ਦੇਣ ਲਈ ਉਕਤ ਅਧਿਕਾਰੀ ਕੁਲਵੰਤ ਸਿੰਘ ਨੂੰ ਦਫਤਰ ਦੇ ਅੰਦਰ ਬਣੇ ਇਕ ਪ੍ਰਾਈਵੇਟ ਕਮਰੇ ਅੰਦਰ ਪੈਸੇ ਦਿੱਤੇ ਜਾ ਰਹੇ ਸਨ। ਇਸੇ ਦੌਰਾਨ ਟੀਮ ਵੱਲੋਂ ਮੌਕੇ ’ਤੇ ਹੀ ਪੈਸੇ ਲੈਂਦੇ ਹੋਏ ਉਸ ਨੂੰ ਰੰਗੇ ਹੱਥੀ ਕਾਬੂ ਕਰ ਲਿਆ ਗਿਆ। ਇਸ ਸਬੰਧੀ ਸਰਪੰਚ ਦੇ ਪਤੀ ਮਲਕੀਤ ਸਿੰਘ ਨੇ ਦੱਸਿਆ ਕਿ ਮੇਰੀ ਪਤਨੀ ਹਰਜੀਤ ਕੌਰ ਸਾਲ 2019 ਤੋਂ 2024 ਤੱਕ ਪਿੰਡ ਸ਼ਾਹਪੁਰ ਦੀ ਸਰਪੰਚ ਰਹੇ ਸਨ। ਉਕਤ ਅਧਿਕਾਰੀ ਕੁਲਵੰਤ ਸਿੰਘ ਸਾਨੂੰ ਜਾਂਚ ਦਾ ਡਰਾਵਾ ਦੇ ਕੇ ਪੈਸਿਆਂ ਦੀ ਮੰਗ ਕਰ ਰਿਹਾ ਸੀ। ਇਸੇ ਦੌਰਾਨ ਅਸੀਂ ਵਿਜੀਲੈਂਸ ਦਫਤਰ ਸ਼ਿਕਾਇਤ ਕਰਕੇ ਉਸਨੂੰ ਪੈਸੇ ਦੇਣ ਸਮੇਂ ਵਿਜੀਲੈਂਸ ਨੂੰ ਮੌਕੇ ’ਤੇ ਹੀ ਰੰਗੇ ਹੱਥੀਂ ਪਕੜਾ ਦਿੱਤਾ ਹੈ।