ਚੰਡੀਗੜ੍ਹ/ਤਰਨਤਾਰਨ : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵਲੋਂ ਅਕਾਲੀ ਦਲ ਨੂੰ ਵਿਰਸਾ ਸਿੰਘ ਵਲਟੋਹਾ ਨੂੰ ਪਾਰਟੀ ਵਿਚੋਂ ਕੱਢਣ ਦੇ ਜਾਰੀ ਹੋਏ ਫ਼ਰਮਾਨ ਤੋਂ ਬਾਅਦ ਵਲਟੋਹਾ ਨੇ ਖੁਦ ਅਕਾਲੀ ਦਲ ਛੱਡ ਦਿੱਤਾ ਹੈ। ਵਲਟੋਹਾ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਅੱਜ ਸਿੰਘ ਸਾਹਿਬਾਨ ਸਾਹਮਣੇ ਹੋਈ ਮੇਰੀ ਪੇਸ਼ੀ ਤੋਂ ਬਾਅਦ ਮੇਰੇ ਬਾਰੇ ਜੋ ਆਦੇਸ਼ ਜਾਰੀ ਕੀਤਾ ਗਿਆ ਹੈ ਉਸਨੂੰ ਸਿਰ ਝੁਕਾ ਕੇ ਪ੍ਰਵਾਨ ਕਰਦਾ ਹਾਂ। ਇਸ ਆਦੇਸ਼ ਨੂੰ ਲਾਗੂ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਕਿਸੇ ਵੀ ਸੰਕਟ ‘ਚ ਪਾਏ ਬਿਨਾਂ ਮੈਂ ਖੁਦ ਹੀ ਅਕਾਲੀ ਦਲ ਦੀ ਮੁੱਢਲੀ ਮੈਂਬਰਸ਼ਿਪ ਨੂੰ ਛੱਡਦਾ ਹਾਂ।
ਹਾਲਾਂਕਿ ਵਲਟੋਹਾ ਨੇ ਇਹ ਵੀ ਆਖਿਆ ਕਿ ਮੈਂ ਤਾਂ ਅੱਜ ਆਪਣਾ ਪੱਖ ਨਿਮਰਤਾ ਨਾਲ ਸਿੰਘ ਸਾਹਿਬਾਨ ਅੱਗੇ ਰੱਖਿਆ ਸੀ। ਜਿਸਦੀ ਸਾਰੀ ਵੀਡੀਓਗ੍ਰਾਫੀ ਕੀਤੀ ਗਈ ਸੀ। ਮੈਨੂੰ ਸਿੰਘ ਸਾਹਿਬਾਨ ਨੇ ਪੇਸ਼ੀ ਦੀ ਮੀਟਿੰਗ ਸ਼ੁਰੂ ਹੋਣ ਵੇਲੇ ਕਿਹਾ ਸੀ ਕਿ ਤੁਹਾਡੀ ਸਾਰੀ ਸੁਣਵਾਈ ਦੀ ਵੀਡੀਓਗ੍ਰਾਫੀ ਕੀਤੀ ਜਾ ਰਹੀ ਹੈ ਜੋ ਬਾਅਦ ਵਿਚ ਮੀਡੀਆ ਨੂੰ ਜਾਰੀ ਕੀਤੀ ਜਾਵੇਗੀ। ਮੇਰੀ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਬੇਨਤੀ ਹੈ ਕਿ ਉਹ ਵੀਡੀਓਗ੍ਰਾਫੀ ਦੀ ਵੀਡੀਓ ਮੀਡੀਆ ਨੂੰ ਜਨਤਕ ਕਰਨ ਦੀ ਕਿਰਪਾਲਤਾ ਕਰਨ ਅਤੇ ਮੇਰੇ ਸਪਸ਼ਟੀਕਰਨ ਦੀ ਚਿੱਠੀ ਅਤੇ ਪੈਨਡਰਾਈਵ ਜਿਸ ਵਿਚ ਗਿਆਨੀ ਹਰਪ੍ਰੀਤ ਸਿੰਘ ਦੀਆਂ ਭਾਜਪਾ ਅਤੇ ਕੇਂਦਰ ਸਰਕਾਰ ਨਾਲ ਸਾਂਝ ਨੂੰ ਸਾਬਤ ਕਰਦੇ ਹੋਏ ਡਾਕੂਮੈਂਟਸ ਪੇਸ਼ ਕੀਤੇ ਗਏ ਸੀ ਉਹ ਵੀ ਜਨਤਕ ਕਰਨ ਦੀ ਕਿਰਪਾਲਤਾ ਕਰਨ। ਜੇਕਰ ਕਿਸੇ ਕਾਰਨ ਸ੍ਰੀ ਅਕਾਲ ਤਖਤ ਸਾਹਿਬ ਸਕੱਤਰੇਤ ਵੱਲੋਂ ਮੇਰੀ ਸਪੱਸ਼ਟੀਕਰਨ ਵਾਲੀ ਪੱਤ੍ਰਿਕਾ ਤੇ ਸਬੂਤਾਂ ਵਾਲੀ ਪੈਨਡਰਾਈਵ ਜਾਰੀ ਨਹੀਂ ਹੁੰਦੀ ਤਾਂ ਮੈਂ ਕੱਲ ਨੂੰ ਇਹ ਸਭ ਕੁੱਝ ਆਪ ਜਨਤਕ ਕਰਾਂਗਾ।