ਹਰਿਆਣਾ ’ਚ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਦੀ ਮੌਜੂਦਗੀ ਵਿੱਚ ਉਚਾਨਾ ਵਿਧਾਨ ਸਭਾ ਤੋਂ ਉਮੀਦਵਾਰ ਪਵਨ ਫ਼ੌਜੀ ਨੇ ਅੱਜ ਆਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ। ਹਾਲਾਂਕਿ ਇਸ ਤੋਂ ਪਹਿਲਾਂ ਪਾਰਟੀ ਦਫ਼ਤਰ ’ਚ ਉਨ੍ਹਾਂ ਨੇ ਵਰਕਰਾਂ ਨੂੰ ਸੰਬੋਧਨ ਕੀਤਾ ਅਤੇ ਸ਼ਹਿਰ ਵਿੱਚ ਰੋਡ ਸ਼ੋਅ ਕੱਢਿਆ। ਇਸ ਮੌਕੇ ਲੋਕ ਸਭਾ ਮੈਂਬਰ ਰਾਘਵ ਚੱਢਾ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਤੋਂ ਬਾਅਦ ਜੇਜੇਪੀ ਪਾਰਟੀ ਜ਼ਮਾਨਤ ਜ਼ਬਤ ਪਾਰਟੀ ਵਜੋਂ ਜਾਣੀ ਜਾਵੇਗੀ। ਇੱਕ ਪਾਸੇ ਭਾਜਪਾ ਹੈ, ਜੇਜੇਪੀ ਹੈ ਅਤੇ ਦੂਜੇ ਪਾਸੇ ਕਾਂਗਰਸ ਹੈ। ਤੁਸੀਂ ਲੋਕਾਂ ਨੇ ਸਾਰੀਆਂ ਪਾਰਟੀਆਂ ਦੇਖੀਆਂ ਹਨ। ਕਦੇ ਭਾਜਪਾ ਨੂੰ ਵੋਟ ਪਾਈ, ਕਦੇ ਜੇਜੇਪੀ ਨੂੰ ਵੋਟ ਪਾਈ। ਕਦੇ ਕਾਂਗਰਸ ਨੂੰ ਵੋਟ ਪਾਉਣ ਦਾ ਕੰਮ ਕੀਤਾ। ਇਸ ਵਾਰ ਤੁਹਾਡੇ ਆਪਣੇ ਪਵਨ ਫ਼ੌਜੀ ਤੁਹਾਡੀ ਸੇਵਾ ਲਈ ਕੰਮ ਕਰਨਗੇ ਤੇ ਹਰਿਆਣਾ ਵਿੱਚ ਅਗਲੀ ਸਰਕਾਰ ਆਮ ਆਦਮੀ ਪਾਰਟੀ ਦੇ ਸਮਰਥਨ ਨਾਲ ਹੀ ਬਣੇਗੀ।
ਉਨ੍ਹਾਂ ਕਿਹਾ ਕਿ ਭਾਜਪਾ ਨੂੰ ਇਸ ਚੋਣ ਵਿੱਚ 20 ਸੀਟਾਂ ਵੀ ਨਹੀਂ ਮਿਲ ਰਹੀਆਂ ਹਨ। ਇਸ ਵਾਰ ਹਰਿਆਣਾ ਵਿੱਚ ਜੋ ਵੀ ਸਰਕਾਰ ਬਣੇਗੀ, ਉਹ ਤੁਹਾਡੀਆਂ ਵੋਟਾਂ ਅਤੇ ਆਮ ਆਦਮੀ ਪਾਰਟੀ ਦੇ ਸਮਰਥਨ ਨਾਲ ਹੀ ਬਣੇਗੀ। ਸਰਕਾਰ ਵਿੱਚ ਆ ਕੇ ਆਮ ਆਦਮੀ ਪਾਰਟੀ ਦਿੱਲੀ ਅਤੇ ਪੰਜਾਬ ਦੀ ਤਰਜ਼ ‘ਤੇ ਹਰਿਆਣਾ ਵਿੱਚ ਬਦਲਾਅ ਲਿਆਉਣ ਲਈ ਕੰਮ ਕਰੇਗੀ ਅਤੇ ਲੋਕਾਂ ਦੀ ਸੇਵਾ ਲਈ ਕੰਮ ਕਰੇਗੀ। ਪਿਛਲੀ ਵਾਰ ਉਚਾਨਾ ਦੇ ਲੋਕਾਂ ਵੱਲੋਂ ਚੁਣੇ ਗਏ ਜੇਜੇਪੀ ਦੇ ਵੀਆਈਪੀ ਉਮੀਦਵਾਰ ਨੇ ਲੋਕਾਂ ਨਾਲ ਧੋਖਾ ਕੀਤਾ। ਇਸ ਵਾਰ ਜੇਜੇਪੀ ਨੇ ਆਪਣੀ ਜ਼ਮਾਨਤ ਜ਼ਬਤ ਕਰਨ ਵਾਲੀ ਪਾਰਟੀ ਬਣਨਾ ਹੈ।
ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਹਰਿਆਣਾ ਵਿੱਚ ਪੂਰੇ ਦੇਸ਼ ਦੇ ਮੁਕਾਬਲੇ ਸਭ ਤੋਂ ਵੱਧ ਬੇਰੁਜ਼ਗਾਰੀ ਦਰ ਹੈ। ਅਜਿਹਾ ਇਸ ਲਈ ਹੈ ਕਿਉਂਕਿ ਭਾਜਪਾ ਆਗੂਆਂ ਨੇ ਹਰਿਆਣਾ ਦੇ ਲੋਕਾਂ ਨਾਲ ਉਨ੍ਹਾਂ ਦੀਆਂ ਵੋਟਾਂ ਲੈ ਕੇ ਧੋਖਾ ਕੀਤਾ ਹੈ। ਪਰ, ਇਸ ਵਾਰ ਬਦਲਾਅ ਦਾ ਸਮਾਂ ਹੈ। ਪਵਨ ਫ਼ੌਜੀ ਇੱਕ ਆਮ ਪਰਿਵਾਰ ਤੋਂ ਹਨ, ਉਨ੍ਹਾਂ ਨੇ ਸਰਹੱਦ ‘ਤੇ ਦੇਸ਼ ਦੀ ਰੱਖਿਆ ਵੀ ਕੀਤੀ ਹੈ। ਇਸ ਵਾਰ ਪਵਨ ਫ਼ੌਜੀ ਵਿਧਾਇਕ ਬਣ ਕੇ ਜਨਤਾ ਦੀ ਸੇਵਾ ਕਰਨ ਦਾ ਕੰਮ ਕਰਨਗੇ। ਇਸ ਵਾਰ ਸ਼ਾਹੀ ਘਰਾਣਿਆਂ, ਵੱਡੇ ਘਰਾਣਿਆਂ ਅਤੇ ਵੱਡੇ ਨੇਤਾਵਾਂ ਦੇ ਜਾਲ ਵਿੱਚ ਨਾ ਫਸਿਓ। ਇਸ ਵਾਰ ਭਾਜਪਾ ਅਤੇ ਜੇਜੇਪੀ ਨੂੰ ਜ਼ਮਾਨਤ ਜ਼ਬਤ ਪਾਰਟੀ ਬਣਾਉਣ ਦਾ ਕੰਮ ਕਰਨਾ ਹੈ।