ਨਵੀਂ ਦਿੱਲੀ- ਵਕਫ ਸੋਧ ਬਿੱਲ 2024 ਲੋਕ ਸਭਾ ਵਿਚ ਪੇਸ਼ ਕਰ ਦਿੱਤਾ ਗਿਆ ਹੈ। ਕੇਂਦਰੀ ਘੱਟ ਗਿਣਤੀ ਮਾਮਲਿਆਂ ਦੇ ਮੰਤਰੀ ਕਿਰੇਨ ਰਿਜਿਜੂ ਨੇ ਇਸ ਬਿੱਲ ਨੂੰ ਪੇਸ਼ ਕੀਤਾ ਹੈ। ਬਿੱਲ ‘ਤੇ ਅੱਜ ਚਰਚਾ ਅਤੇ ਵੋਟਿੰਗ ਹੋਵੇਗੀ। ਵਿਰੋਧੀ ਧਿਰ ਨੇ ਚਰਚਾ ਲਈ 12 ਘੰਟਿਆਂ ਦਾ ਸਮਾਂ ਮੰਗਿਆ ਸੀ ਪਰ ਸਰਕਾਰ ਨੇ ਸਿਰਫ਼ 8 ਘੰਟੇ ਦਾ ਸਮਾਂ ਦਿੱਤਾ ਹੈ। ਵਿਰੋਧੀ ਧਿਰ ਦੀਆਂ ਕਈ ਪਾਰਟੀਆਂ ਇਸ ਬਿੱਲ ਦੇ ਹੱਕ ’ਚ ਨਹੀਂ ਹਨ। ਹਾਲਾਂਕਿ ਸੱਤਾਧਾਰੀ NDA ਦੇ ਪ੍ਰਮੁੱਖ ਸਹਿਯੋਗੀ ਜਨਤਾ ਦਲ (ਯੂਨਾਈਟਿਡ) ਤੇ ਤੇਲਗੂ ਦੇਸਮ ਪਾਰਟੀ (ਟੀ. ਡੀ. ਪੀ) ਸਮੇਤ ਹੋਰ ਪਾਰਟੀਆਂ ਵੀ ਸਰਕਾਰ ਨਾਲ ਮਜ਼ਬੂਤੀ ਨਾਲ ਖੜ੍ਹੀਆਂ ਹਨ। ਸਦਨ ’ਚ ਸੱਤਾਧਿਰ ਕੋਲ ਗਿਣਤੀ ਵੀ ਕਾਫ਼ੀ ਹੈ। ਅਜਿਹੇ ’ਚ ਮੰਨਿਆ ਜਾ ਰਿਹਾ ਹੈ ਕਿ ਬਿੱਲ ਨੂੰ ਦੋਵਾਂ ਸਦਨਾਂ ’ਚ ਆਸਾਨੀ ਨਾਲ ਪਾਸ ਕਰਾ ਲਿਆ ਜਾਏਗਾ।
ਇਸ ਬਿੱਲ ਨੂੰ ਲੈ ਕੇ ਮੁਸਲਿਮ ਸਮਾਜ ਦਾ ਇਕ ਤਬਕਾ ਇਸ ਦਾ ਸਮਰਥਨ ਕਰ ਰਿਹਾ ਹੈ ਤਾਂ ਦੂਜਾ ਤਬਕਾ ਇਸ ਦਾ ਵਿਰੋਧ ਕਰ ਰਿਹਾ ਹੈ। ਕਈ ਮੁਸਲਿਮ ਸ਼ਖਸੀਅਤਾਂ ਦਾ ਕਹਿਣਾ ਹੈ ਕਿ ਸਰਕਾਰ ਘੱਟ ਗਿਣਤੀ ਭਾਈਚਾਰੇ ਦੇ ਧਾਰਮਿਕ ਮਾਮਲਿਆਂ ਵਿਚ ਸਰਕਾਰੀ ਦਖ਼ਲ ਅੰਦਾਜ਼ੀ ਵਧਾ ਰਹੀ ਹੈ ਅਤੇ ਇਸੇ ਮਕਸਦ ਨਾਲ ਇਸ ਬਿੱਲ ਨੂੰ ਪਾਸ ਕਰਾਉਣਾ ਚਾਹੁੰਦੀ ਹੈ। ਉਥੇ ਹੀ ਸਰਕਾਰ ਦਾ ਕਹਿਣਾ ਹੈ ਕਿ ਵਕਫ ਸੋਧ ਬਿੱਲ ਜ਼ਰੀਏ ਉਹ ਵਕਫ ਨਾਲ ਜੁੜੀਆਂ ਜਾਇਦਾਦਾਂ ਦਾ ਬਿਹਤਰ ਪ੍ਰਬੰਧਨ ਯਕੀਨੀ ਕਰੇਗੀ। ਕਿਰੇਨ ਰਿਜਿੂਜ ਨੇ ਕਿਹਾ ਕਿ ਕਿਸੇ ਦਾ ਹੱਕ ਖੋਹਣ ਦੀ ਗੱਲ ਤਾਂ ਦੂਰ, ਇਹ ਬਿੱਲ ਉਨ੍ਹਾਂ ਨੂੰ ਹੱਕ ਦੇਣ ਲਈ ਲਿਆਂਦਾ ਗਿਆ ਹੈ।