ਜਲੰਧਰ – ਨਸ਼ਾ ਤਸਕਰਾਂ ਵੱਲੋਂ ਕੀਤੇ ਗਏ ਗੈਰ-ਕਾਨੂੰਨੀ ਕਬਜ਼ਿਆਂ ਖਿਲਾਫ਼ ਚੱਲ ਰਹੀ ਕਾਰਵਾਈ ਤਹਿਤ ਨਗਰ ਨਿਗਮ ਜਲੰਧਰ ਵੱਲੋਂ ਕਮਿਸ਼ਨਰੇਟ ਪੁਲਸ ਜਲੰਧਰ ਨਾਲ ਮਿਲ ਕੇ ਸ਼ੁੱਕਰਵਾਰ ਨੂੰ ਤਿੰਨ ਨਸ਼ਾ ਤਸਕਰਾਂ ਨਾਲ ਸਬੰਧਤ ਇੱਕ ਦੋ ਮੰਜ਼ਿਲਾ ਜਾਇਦਾਦ ਨੂੰ ਢਾਹ ਦਿੱਤਾ ਗਿਆ, ਜੋ ਕਿ ਕਬਜ਼ੇ ਦੇ ਚੱਲਦਿਆਂ ਬਣਾਈ ਜਾ ਰਹੀ ਸੀ। ‘ਯੁੱਧ ਨਸ਼ਿਆਂ ਵਿਰੁਧ’ ਤਹਿਤ ਗੈਰ-ਕਾਨੂੰਨੀ ਕਬਜ਼ਿਆਂ ਨੂੰ ਢਾਹੁਣ ਦੀ ਚੱਲ ਰਹੀ ਮੁਹਿੰਮ ਦੇ ਹਿੱਸੇ ਵਜੋਂ ਕਥਿਤ ਤੌਰ ’ਤੇ ਡਰੱਗ ਮਨੀ ਨਾਲ ਸਰਕਾਰੀ ਜ਼ਮੀਨ ‘ਤੇ ਉਸਾਰੇ ਕਬਜ਼ੇ ਵਾਲੇ ਢਾਂਚੇ ਨੂੰ ਭਾਰਗਵ ਕੈਂਪ ਇਲਾਕੇ ਵਿੱਚ ਢਾਹਿਆ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਸ ਕਮਿਸ਼ਨਰ ਜਲੰਧਰ ਮੈਡਮ ਧਨਪ੍ਰੀਤ ਕੌਰ ਨੇ ਦੱਸਿਆ ਕਿ ਨਗਰ ਨਿਗਮ ਨੂੰ ਬਦਨਾਮ ਨਸ਼ਾ ਤਸਕਰਾਂ ਵਰਿੰਦਰ ਉਰਫ਼ ਮੌਲਾ, ਜਤਿੰਦਰ ਉਰਫ਼ ਜਿੰਦਰ ਅਤੇ ਰੋਹਿਤ ਕੁਮਾਰ ਉਰਫ਼ ਕਾਕਾ ਤਿੰਨੇ ਭਰਾਵਾਂ ਵੱਲੋਂ ਸਰਕਾਰੀ ਜ਼ਮੀਨ ’ਤੇ ਗੈਰ ਕਾਨੂੰਨੀ ਉਸਾਰੀ ਬਾਰੇ ਜਾਣਕਾਰੀ ਮਿਲੀ ਸੀ। ਇਹ ਤਿੰਨੇ ਭਰਾ ਮੌਜੂਦਾ ਸਮੇਂ ਜੇਲ ਵਿੱਚ ਬੰਦ ਹਨ। ਉਨ੍ਹਾਂ ਕਿਹਾ ਕਿ ਇਹ ਜਾਇਦਾਦ ਕਥਿਤ ਤੌਰ ’ਤੇ ਨਸ਼ਿਆਂ ਦੇ ਨਾਜਾਇਜ਼ ਧੰਦੇ ਤੋਂ ਪ੍ਰਾਪਤ ਪੈਸੇ ਤੋਂ ਬਣਾਈ ਗਈ ਸੀ। ਨਗਰ ਨਿਗਮ ਅਤੇ ਪੁਲਸ ਟੀਮਾਂ ਨੇ ਤੁਰੰਤ ਕਾਰਵਾਈ ਕਰਦਿਆਂ ਕਬਜ਼ੇ ਵਾਲੇ ਢਾਂਚੇ ਨੂੰ ਢਾਹ ਦਿੱਤਾ, ਜਿਸ ਨਾਲ ਇੱਕ ਸਖ਼ਤ ਸੰਦੇਸ਼ ਗਿਆ ਹੈ ਕਿ ਜਲੰਧਰ ਸ਼ਹਿਰ ਵਿੱਚ ਨਸ਼ਿਆਂ ਨਾਲ ਸਬੰਧਤ ਗਤੀਵਿਧੀਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।