ਫ਼ਤਹਿਗੜ੍ਹ ਸਾਹਿਬ — ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਪੰਜਾਬ ਵਿਚ ਵੱਡੀ ਕਾਰਵਾਈ ਚੱਲ ਰਹੀ ਹੈ। ਅੱਜ ਫ਼ਤਹਿਗੜ੍ਹ ਸਾਹਿਬ ਵਿਚ ਨਸ਼ਿਆਂ ਵਿਰੁੱਧ ਕਾਰਵਾਈ ਕੀਤੀ ਗਈ। ਮੰਡੀ ਗੋਬਿੰਦਗੜ੍ਹ ਦੀ ਢੇਹਾ ਕਾਲੋਨੀ ਵਿਚ ਇਕ ਮਹਿਲਾ ਤਸਕਰ ਦਾ ਘਰ ਢਾਹ ਦਿੱਤਾ ਗਿਆ। ਐੱਸ.ਐੱਸ.ਪੀ. ਸ਼ੁਭਮ ਅੱਗਰਵਾਲ ਭਾਰੀ ਪੁਲਸ ਫੋਰਸ ਸਮੇਤ ਮੌਕੇ ‘ਤੇ ਪਹੁੰਚੇ। ਜੇ.ਸੀ.ਬੀ. ਦੀ ਮਦਦ ਨਾਲ ਨਸ਼ਾ ਤਸਕਰ ਦੇ ਘਰ ਨੂੰ ਢਾਹ ਦਿੱਤਾ ਗਿਆ। ਇਸ ਜਾਇਦਾਦ ‘ਤੇ ਕੁਝ ਦਿਨ ਪਹਿਲਾਂ ਨੋਟਿਸ ਲਗਾਇਆ ਗਿਆ ਸੀ ਅਤੇ ਸਬੰਧਤ ਜਾਇਦਾਦ ਮਾਲਕ ਨੂੰ ਰਿਕਾਰਡ ਪੇਸ਼ ਕਰਨ ਲਈ ਕਿਹਾ ਗਿਆ ਸੀ। ਪਰ ਜਦੋਂ ਉਹ ਕੋਈ ਰਿਕਾਰਡ ਪੇਸ਼ ਨਹੀਂ ਕਰ ਸਕਿਆ, ਤਾਂ ਪੁਲਸ ਅੱਜ ਜੇ.ਸੀ.ਬੀ. ਲੈ ਕੇ ਪਹੁੰਚੀ। ਨਗਰ ਕੌਂਸਲ ਪ੍ਰਸ਼ਾਸਨ ਦਾ ਵੀ ਇਸ ਵਿਚ ਸਹਿਯੋਗ ਰਿਹਾ।
ਐੱਸ.ਐੱਸ.ਪੀ. ਸ਼ੁਭਮ ਅੱਗਰਵਾਲ ਨੇ ਕਿਹਾ ਕਿ ਉਨ੍ਹਾਂ ਨੂੰ ਨਗਰ ਕੌਂਸਲ ਮੰਡੀ ਗੋਬਿੰਦਗੜ੍ਹ ਦੇ ਕਾਰਜਕਾਰੀ ਅਧਿਕਾਰੀ ਤੋਂ ਇਕ ਪੱਤਰ ਮਿਲਿਆ ਸੀ, ਜਿਸ ਵਿਚ ਕਿਹਾ ਗਿਆ ਕਿ ਸਲੋਚਨਾ ਦੇਵੀ ਨਾਂ ਦੀ ਔਰਤ ਨੇ ਢੇਹਾ ਕਾਲੋਨੀ ਮੰਡੀ ਗੋਬਿੰਦਗੜ੍ਹ ਵਿਚ ਗੈਰ-ਕਾਨੂੰਨੀ ਉਸਾਰੀ ਕੀਤੀ ਹੈ। ਸਲੋਚਨਾ ਦੇਵੀ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਵਿਰੁੱਧ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਮਾਮਲੇ ਦਰਜ ਹਨ। ਇਸ ਤੋਂ ਬਾਅਦ ਪੁਲਸ ਨੇ ਕਾਰਵਾਈ ਕੀਤੀ। ਸਿਵਲ ਪ੍ਰਸ਼ਾਸਨ ਦੀ ਮਦਦ ਨਾਲ ਨਸ਼ਾ ਤਸਕਰ ਦੇ ਘਰ ਨੂੰ ਢਾਹ ਦਿੱਤਾ ਗਿਆ। ਐੱਸ.ਐੱਸ.ਪੀ. ਨੇ ਕਿਹਾ ਕਿ ਪੁਲਸ ਕਾਨੂੰਨ ਅਨੁਸਾਰ ਸਹੀ ਕੰਮ ਕਰ ਰਹੀ ਹੈ। ਕਾਲੇ ਧਨ ਰਾਹੀਂ ਜਾਇਦਾਦਾਂ ਇਕੱਠੀਆਂ ਕਰਨ ਵਾਲੇ ਨਸ਼ਾ ਤਸਕਰਾਂ ਨੂੰ ਕਿਸੇ ਵੀ ਕੀਮਤ ‘ਤੇ ਬਖਸ਼ਿਆ ਨਹੀਂ ਜਾਵੇਗਾ। ਪੰਜਾਬ ਨੂੰ ਨਸ਼ਾ ਮੁਕਤ ਬਣਾਇਆ ਜਾਵੇਗਾ। ਐੱਸ.ਐੱਸ.ਪੀ. ਨੇ ਦੱਸਿਆ ਕਿ ਹੁਣ ਤੱਕ 6 ਨਸ਼ਾ ਤਸਕਰਾਂ ਦੀ ਜਾਇਦਾਦ ਦਾ ਖ਼ੁਲਾਸਾ ਹੋਇਆ ਹੈ।