ਪਾਤੜਾਂ : ਖਨੌਰੀ ਕੋਲੋਂ ਲੰਘਦੇ ਘੱਗਰ ਦਰਿਆ ਵਿਚ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ 748.7 ਫੁੱਟ ਤੋਂ ਉੱਪਰ ਟੱਪ ਗਿਆ ਹੈ, ਜਿਹੜਾ ਖ਼ਤਰੇ ਦੇ ਨਿਸ਼ਾਨ ਨੂੰ ਪਾਰ ਕਰਕੇ ਕਰੀਬ 1 ਫੁੱਟ ਉੱਤੇ ਵਗਣ ਲੱਗਾ ਹੈ। ਇਸ ਨਾਲ ਇਲਾਕੇ ਲਈ ਖ਼ਤਰੇ ਵਾਲੀ ਸਥਿਤੀ ਪੈਦਾ ਹੋ ਗਈ ਹੈ। ਖ਼ਬਰ ਲਿਖੇ ਜਾਣ ਵੇਲੇ ਖਨੌਰੀ ਸਥਿਤ ਭਾਖੜਾ ਨਹਿਰ ਅਤੇ ਘੱਗਰ ਦਰਿਆ ਦੇ ਪੁਲ ਆਰ ਡੀ-460 ਉਤੇ ਲੱਗੇ ਮਾਪਦੰਡ ਅਨੁਸਾਰ ਘੱਗਰ ਦਰਿਆ ਵਿਚ ਪਾਣੀ ਦਾ ਪੱਧਰ 748.7 ਫੁੱਟ 12,725 ਕਿਊਸਿਕ ਚੱਲ ਰਿਹਾ ਸੀ। ਜੋ ਕਿ ਸਾਰਾ ਦਿਨ ਥੋੜ੍ਹਾ-ਥੋੜ੍ਹਾ ਕਰਕੇ ਵਧਦਾ ਜਾ ਰਿਹਾ ਹੈ। ਇਸ ਵੇਲੇ ਖ਼ਤਰੇ ਦੇ ਨਿਸ਼ਾਨ ਨੂੰ ਪਾਰ ਕਰ ਗਿਆ ਹੈ, ਜਿਸ ਕਰਕੇ ਸਬ-ਡਵੀਜ਼ਨ ਮੂਨਕ ਅਤੇ ਸਬ-ਡਵੀਜ਼ਨ ਪਾਤੜਾਂ ਦੇ ਕਰੀਬ ਤਿੰਨ ਦਰਜਨ ਪਿੰਡਾਂ ਦੇ ਲੋਕਾਂ ਵਿਚ ਘੱਗਰ ਦਰਿਆ ਦੇ ਸੰਭਾਵੀ ਹੜ੍ਹਾਂ ਦਾ ਡਰ ਸਤਾਉਣ ਲੱਗਾ ਹੈ।
ਤੁਰੰਤ ਸੁਰੱਖਿਅਤ ਥਾਵਾਂ ‘ਤੇ ਪਹੁੰਚਣ ਲੋਕ
ਦੂਜੇ ਪਾਸੇ ਘੱਗਰ ਦਰਿਆ ਤਹਿਸੀਲ ਰਾਜਪੁਰਾ (ਘਨੌਰ) ਦੇ ਘੱਗਰ ਨੇੜੇ ਲੱਗਦੇ ਪਿੰਡਾਂ ਵਿਚ ਕਿਸੇ ਵੀ ਸਮੇਂ ਪਾੜ ਪੈ ਸਕਦਾ ਹੈ, ਇਸ ਲਈ ਹੇਠ ਲਿਖੇ ਪਿੰਡਾਂ ਦੇ ਲੋਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਤੁਰੰਤ ਸੁਰੱਖਿਅਤ ਥਾਂਵਾਂ ‘ਤੇ ਪਹੁੰਚਣ। ਤੇਪਲਾ, ਰਾਜਗੜ੍ਹ, ਮਹਿਮੂਦਪੁਰ, ਦੜਵਾ, ਸੰਜਰਪੁਰ, ਨਨਹੇੜੀ, ਰਾਏਪੁਰ, ਸ਼ਮਸਪੁਰ, ਊਂਟਸਰ, ਜੰਡ ਮੰਗੋਲੀ, ਹਰਪਾਲਾਂ, ਕਾਮੀ ਖੁਰਦ, ਰਾਮਪੁਰ, ਸੌਂਟਾ, ਚਮਾਰੂ, ਕਪੂਰੀ, ਕਮਾਲਪੁਰ, ਲਾਛੜੂ ਖੁਰਦ, ਸਰਾਲਾ ਕਲਾਂ, ਮਹਿਦੂਦਾ, ਸਰਾਲਾ ਖੁਰਦ। ਇਨ੍ਹਾਂ ਪਿੰਡਾਂ ਦੇ ਵਸਨੀਕਾਂ ਨੂੰ ਤੁਰੰਤ ਆਪਣੇ ਘਰ ਖਾਲੀ ਕਰਕੇ ਸੁਰੱਖਿਅਤ ਥਾਵਾਂ ‘ਤੇ ਜਾਣ ਦੀ ਅਪੀਲ ਕੀਤੀ ਗਈ ਹੈ।