ਜਲੰਧਰ/ਰੂਪਨਗਰ – ਪੰਜਾਬ ਵਾਸੀਆਂ ਲਈ ਅਹਿਮ ਖ਼ਬਰ ਸਾਹਮਣੇ ਆਈ ਹੈ। ਦਰਅਸਲ ਭਾਖੜਾ ਡੈਮ ਵਿਚੋਂ ਅੱਜ ਫਿਰ ਪਾਣੀ ਛੱਡਿਆ ਜਾ ਸਕਦਾ ਹੈ। ਇਸ ਦੀ ਜਾਣਕਾਰੀ ਮੰਤਰੀ ਹਰਜੋਤ ਬੈਂਸ ਵੱਲੋਂ ਦਿੱਤੀ ਗਈ ਹੈ। ਮੌਸਮ ਵਿਭਾਗ ਵੱਲੋਂ ਹਿਮਾਚਲ, ਯੂਪੀ ਸਣੇ ਕਈ ਸੂਬਿਆਂ ਵਿਚ 12,13 ਅਤੇ 14 ਸਤੰਬਰ ਨੂੰ ਬਾਰਿਸ਼ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਇਸ ਕਰਕੇ ਹਾਲਾਤ ਦੇ ਮੱਦੇਨਜ਼ਰ ਬੀ. ਬੀ. ਐੱਮ. ਬੀ. ਵੱਲੋਂ ਪਾਣੀ ਛੱਡਣ ਦਾ ਫ਼ੈਸਲਾ ਲਿਆ ਗਿਆ ਹੈ। ਹਰਜੋਤ ਬੈਂਸ ਮੁਤਾਬਕ ਅੱਜ ਭਾਖੜਾ ਡੈਮ ਤੋਂ 5 ਹਜ਼ਾਰ ਕਿਊਸਿਕ ਵਾਧੂ ਪਾਣੀ ਛੱਡਿਆ ਜਾਵੇਗਾ।
ਉਨ੍ਹਾਂ ਕਿਹਾ ਕਿ ਡੈਮ ਵਿਚ ਬੇਸ਼ਕ ਪਾਣੀ ਦਾ ਪੱਧਰ ਘੱਟ ਰਿਹਾ ਸੀ ਪਰ ਆਈ. ਐੱਮ. ਡੀ. ਵੱਲੋਂ ਅਗਲੇ ਤਿੰਨ ਦਿਨ ਹਿਮਾਚਲ, ਯੂਪੀ ਸਣੇ ਕਈ ਸੂਬਿਆਂ ਵਿਚ ਭਾਰੀ ਬਾਰਿਸ਼ ਦੀ ਸੰਭਾਵਨਾ ਜਤਾਈ ਗਈ ਹੈ। ਉਨ੍ਹਾਂ ਕਿਹਾ ਕਿ ਯੂਪੀ ਲਈ ਆਈ. ਐੱਮ. ਡੀ. ਵੱਲੋਂ ਭਾਰੀ ਬਾਰਿਸ਼ ਦਾ ਅਲਰਟ ਜਾਰੀ ਕੀਤਾ ਗਿਆ ਹੈ। ਇਸੇ ਨੂੰ ਧਿਆਨ ਵਿਚ ਰੱਖਦੇ ਹੋਏ ਬੀ. ਬੀ. ਐੱਮ. ਬੀ. 5 ਹਜ਼ਾਰ ਕਿਊਸਿਕ ਪਾਣੀ ਛੱਡ ਰਹੀ ਹੈ ਤਾਂਕਿ ਪਾਣੀ ਦਾ ਹੋਰ ਪੱਧਰ ਘੱਟ ਸਕੇ ਅਤੇ ਪਾਣੀ ਦਾ ਪੱਧਰ ਵੱਧਣ ਮਗਰੋਂ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ।
ਅਗਲੇ ਤਿੰਨ-ਚਾਰ ਘੰਟਿਆਂ ਵਿਚ ਪਾਣੀ ਛੱਡਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਬਾਰੇ ਪ੍ਰਸ਼ਾਸਨ ਨੂੰ ਵੀ ਅਲਰਟ ਕਰ ਦਿੱਤਾ ਗਿਆ ਹੈ। ਉਥੇ ਹੀ ਪ੍ਰਸ਼ਾਸਨ ਵਿਚ ਦਰਿਆਵਾਂ, ਨਾਲਿਆਂ ਤੋਂ ਲੋਕਾਂ ਨੂੰ ਦੂਰ ਰਹਿਣ ਦੀ ਅਪੀਲ ਕੀਤੀ ਗਈ ਹੈ। ਇਥੇ ਦੱਸ ਦੇਈਏ ਕਿ ਇਸ ਵੇਲੇ ਭਾਖੜਾ ਡੈਮ ਵਿਚ ਪਾਣੀ ਦੀ ਪੱਧਰ 1677 ਫੁੱਟ ‘ਤੇ ਹੈ, ਜੋਕਿ ਖ਼ਤਰੇ ਦੇ ਨਿਸ਼ਾਨ ਤੋਂ 3 ਫੁੱਟ ਹੇਠਾਂ ਹੈ।

