ਨਵੀਂ ਦਿੱਲੀ: ਪੱਛਮੀ ਏਸ਼ੀਆ ਅਤੇ ਖਾੜੀ ਖੇਤਰ ਵਿੱਚ ਬਣੇ ਹਾਲਾਤਾਂ ਦੇ ਵਿਚਕਾਰ ਭਾਰਤ ਸਰਕਾਰ ਨੇ ਉੱਥੇ ਫਸੇ ਆਪਣੇ ਨਾਗਰਿਕਾਂ ਦੀ ਸੁਰੱਖਿਆ ਨੂੰ ਲੈ ਕੇ ਵੱਡੀ ਜਾਣਕਾਰੀ ਸਾਂਝੀ ਕੀਤੀ ਹੈ। ਵਿਦੇਸ਼ ਮੰਤਰਾਲੇ ਅਨੁਸਾਰ, ਸਰਕਾਰ ਪੱਛਮੀ ਏਸ਼ੀਆ ਅਤੇ ਖਾੜੀ ਖੇਤਰ ਦੀ ਬਦਲ ਰਹੀ ਸਥਿਤੀ ‘ਤੇ ਲਗਾਤਾਰ ਨਜ਼ਰ ਰੱਖ ਰਹੀ ਹੈ, ਖਾਸ ਕਰਕੇ ਉਨ੍ਹਾਂ ਭਾਰਤੀ ਨਾਗਰਿਕਾਂ ਦੀ ਭਲਾਈ ‘ਤੇ ਜੋ ਥੋੜ੍ਹੇ ਸਮੇਂ ਦੀ ਯਾਤਰਾ ਜਾਂ ਟ੍ਰਾਂਜ਼ਿਟ ਦੌਰਾਨ ਉੱਥੇ ਫਸ ਗਏ ਹਨ।
ਰਿਕਾਰਡ ਗਿਣਤੀ ਵਿੱਚ ਭਾਰਤੀ ਪਰਤੇ ਵਾਪਸ
ਸਰਕਾਰੀ ਬਿਆਨ ਮੁਤਾਬਕ, ਖੇਤਰ ਵਿੱਚ ਹਵਾਈ ਖੇਤਰ (airspace) ਦੇ ਅੰਸ਼ਕ ਤੌਰ ‘ਤੇ ਖੁੱਲ੍ਹਣ ਤੋਂ ਬਾਅਦ ਵਪਾਰਕ ਅਤੇ ਗੈਰ-ਨਿਰਧਾਰਤ ਉਡਾਣਾਂ ਰਾਹੀਂ ਭਾਰਤੀਆਂ ਨੂੰ ਵਾਪਸ ਲਿਆਂਦਾ ਜਾ ਰਿਹਾ ਹੈ। 1 ਤੋਂ 7 ਮਾਰਚ, 2026 ਦੇ ਦਰਮਿਆਨ 52,000 ਤੋਂ ਵੱਧ ਭਾਰਤੀਆਂ ਨੇ ਇਨ੍ਹਾਂ ਉਡਾਣਾਂ ਦਾ ਲਾਭ ਉਠਾਇਆ ਹੈ ਅਤੇ ਖਾੜੀ ਖੇਤਰ ਤੋਂ ਸੁਰੱਖਿਅਤ ਭਾਰਤ ਪਰਤ ਆਏ ਹਨ। ਇਨ੍ਹਾਂ ਵਿੱਚੋਂ 32,107 ਯਾਤਰੀਆਂ ਨੇ ਭਾਰਤੀ ਜਹਾਜ਼ਾਂ (Indian carriers) ਰਾਹੀਂ ਸਫ਼ਰ ਕੀਤਾ ਹੈ, ਅਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਉਡਾਣਾਂ ਦੀ ਯੋਜਨਾ ਵੀ ਬਣਾਈ ਗਈ ਹੈ।
ਸਹਾਇਤਾ ਲਈ ਵਿਸ਼ੇਸ਼ ਪ੍ਰਬੰਧ
ਵਿਦੇਸ਼ ਮੰਤਰਾਲੇ ਨੇ ਪ੍ਰਭਾਵਿਤ ਲੋਕਾਂ ਤੇ ਉਨ੍ਹਾਂ ਦੇ ਪਰਿਵਾਰਾਂ ਦੀ ਸਹਾਇਤਾ ਲਈ ਇੱਕ ਸਪੈਸ਼ਲ ਕੰਟਰੋਲ ਰੂਮ ਸਥਾਪਿਤ ਕੀਤਾ ਹੈ। ਇਸ ਤੋਂ ਇਲਾਵਾ, ਸਬੰਧਤ ਦੇਸ਼ਾਂ ‘ਚ ਭਾਰਤੀ ਦੂਤਾਵਾਸਾਂ ਅਤੇ ਕੌਂਸਲੇਟਾਂ ਨੇ 24×7 ਹੈਲਪਲਾਈਨਾਂ ਸ਼ੁਰੂ ਕੀਤੀਆਂ ਹਨ ਤਾਂ ਜੋ ਭਾਰਤੀ ਨਾਗਰਿਕਾਂ ਦੀਆਂ ਚਿੰਤਾਵਾਂ ਦਾ ਹੱਲ ਕੀਤਾ ਜਾ ਸਕੇ।

