ਡੇਰਾ ਬਾਬਾ ਨਾਨਕ ’ਚ ਉਸ ਸਮੇਂ ਸੋਗ ਦੀ ਲਹਿਰ ਦੌੜ ਗਈ ਜਦੋਂ ਪਿੰਡ ਮੂਲੋਵਾਲੀ ’ਚ ਛੁੱਟੀ ’ਤੇ ਆਏ ਫ਼ੌਜੀ ਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਵੱਲੋਂ ਇਸ ਦੀ ਸੂਚਨਾ ਤੁਰੰਤ ਫੌਜ ਦੇ ਅਧਿਕਾਰੀਆਂ ਨੂੰ ਦਿੱਤੀ ਗਈ। ਇਸ ਤੋਂ ਬਾਅਦ 26 ਸਾਲਾਂ ਫ਼ੌਜੀ ਜਵਾਨ ਸੁਖਪ੍ਰੀਤ ਨੂੰ ਫੌਜੀ ਸਨਮਾਨਾਂ ਦੇ ਨਾਲ ਅੰਤਿਮ ਵਿਦਾਇਗੀ ਦਿੱਤੀ ਗਈ।
ਜਾਣਕਾਰੀ ਮੁਤਾਬਕ ਸਰਹੱਦੀ ਕਸਬਾ ਡੇਰਾ ਬਾਬਾ ਨਾਨਕ ਦੇ ਪਿੰਡ ਮੂਲੋਵਾਲੀ ਦਾ ਰਹਿਣ ਵਾਲਾ ਫ਼ੌਜੀ ਜਵਾਨ ਸੁੱਖਪ੍ਰੀਤ ਸਿੰਘ ਛੁੱਟੀ ’ਤੇ ਘਰ ਆਇਆ ਹੋਇਆ ਸੀ। ਜੋ ਕਿ 581 ਲਾਈਟ ਰੈਜੀਮੈਂਟ ਚੜ੍ਹਦੀ ਕਲਾ ਮੀਸਾ, ਮਾਰੀ ਕੈਂਟ, ਆਸਾਮ ਦੇ ਗਲੇਸ਼ੀਅਰ ’ਚ ਤਾਇਨਾਤ ਸੀ। ਸੁੱਖਪ੍ਰੀਤ ਸਿੰਘ ਪੰਜ ਸਾਲ ਪਹਿਲਾਂ ਫੌਜ ਵਿੱਚ ਭਰਤੀ ਹੋਇਆ ਸੀ।
ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸੁਖਪ੍ਰੀਤ 19 ਜੁਲਾਈ ਨੂੰ ਛੁੱਟੀ ’ਤੇ ਆਇਆ ਸੀ। ਦੋ ਦਿਨ ਪਹਿਲਾਂ ਸੁਖਪ੍ਰੀਤ ਦੀ ਸਿਹਤ ਅਚਾਨਕ ਵਿਗੜ ਗਈ ਅਤੇ ਉਸ ਨੂੰ ਤੁਰੰਤ ਸਿਵਲ ਹਸਪਤਾਲ ਲਿਜਾਇਆ ਗਿਆ। ਇੱਥੇ ਡਾਕਟਰਾਂ ਨੇ ਉਸ ਦਾ ਮੁੱਢਲਾ ਇਲਾਜ ਕਰਕੇ ਉਸ ਨੂੰ ਆਰਮੀ ਹਸਪਤਾਲ, ਅੰਮ੍ਰਿਤਸਰ ਲਈ ਰੈਫਰ ਕਰ ਦਿੱਤਾ। ਜਦੋਂ ਆਰਮੀ ਹਸਪਤਾਲ ਦੇ ਡਾਕਟਰਾਂ ਨੇ ਉਸ ਦੀ ਜਾਂਚ ਕੀਤੀ ਤਾਂ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ।
ਫਿਲਹਾਲ ਸੁੱਖਪ੍ਰੀਤ ਸਿੰਘ ਦਾ ਅੱਜ ਉਨ੍ਹਾਂ ਦੇ ਜੱਦੀ ਪਿੰਡ ਦੇ ਸਮਸਾਨ ਘਾਟ ’ਚ ਫੌਜੀ ਸਨਮਾਨਾਂ ਦੇ ਨਾਲ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਤਿੱਬੜੀ ਛਾਉਣੀ ਤੋਂ ਪਹੁੰਚੀ ਫੌਜ ਦੀ ਟੁਕੜੀ ਨੇ ਲਾਂਸ ਨਾਇਕ ਸੁਖਪ੍ਰੀਤ ਸਿੰਘ ਨੂੰ ਸਲਾਮੀ ਦਿੱਤੀ ਅਤੇ ਉਨ੍ਹਾਂ ਦੇ ਪਿਤਾ ਨੂੰ ਤਿਰੰਗਾ ਝੰਡਾ ਭੇਟ ਕੀਤਾ।