ਪਾਤੜਾਂ : ਹਰਿਆਣਾ ਤੋਂ ਆਉਂਦੇ ਘੱਗਰ ਦੇ ਸਹਾਇਕ ਨਾਲੇ ਸਾਗਰਾਪਾੜਾ ਡਰੇਨ ਦਾ ਚੋਅ ਅੱਜ ਹਲਕਾ ਸ਼ੁਤਰਾਣਾ ਦੇ ਪਿੰਡ ਸਾਗਰਾ ਕੋਲ ਟੁੱਟ ਗਿਆ, ਜਿਸਦਾ ਪਿਛਲੇ ਕਈ ਦਿਨਾਂ ਤੋਂ ਖਤਰਾ ਬਣਿਆ ਹੋਇਆ ਸੀ ਪਰ ਪ੍ਰਸ਼ਾਸਨ ਇਸ ਵੱਲ ਬਿਲਕੁੱਲ ਬੇ-ਧਿਆਨ ਸੀ। ਮੀਡੀਆ ਵੱਲੋਂ ਕਈ ਵਾਰ ਮਾਮਲਾ ਉਜਾਗਰ ਕਰਨ ‘ਤੇ ਵੀ ਕੋਈ ਗੌਰ ਨਹੀਂ ਕੀਤੀ ਗਿਆ ਅਤੇ ਆਖਿਰ ਅੱਜ ਇਹ ਚੋਅ ਟੁੱਟ ਗਿਆ।
ਇਹ ਪਾੜਾ ਚੋਅ ਹਲਕਾ ਸ਼ੁਤਰਾਣਾ ਦੇ ਪਿੰਡ ਸਾਗਰਾ ਕੋਲ ਘੱਗਰ ਦਰਿਆ ਵਿਚ ਆ ਕੇ ਸਮਾ ਜਾਂਦਾ ਹੈ ਪਰ ਹੁਣ ਪਿੱਛੋਂ ਪੰਜਾਬ ਵਾਲੇ ਪਾਸੇ ਤੋਂ ਅੱਧੀ ਦਰਜਨ ਨਦੀਆਂ, ਨਾਲਿਆਂ ਦਾ ਪਾਣੀ ਹਰਿਆਣਾ ਦੇ ਭਾਗਲ ਕੋਲੋਂ ਘੱਗਰ ਦਰਿਆ ਵਿਚ ਇਕੱਠਾ ਹੋਣ ਕਰਕੇ ਇਹ ਪਿਛਲੇ ਕਈ ਦਿਨਾਂ ਤੋਂ ਖ਼ਤਰੇ ਦੇ ਨਿਸ਼ਾਨ ਤੋਂ ਢਾਈ ਫੁੱਟ ਉੱਤੇ ਚੱਲ ਰਿਹਾ ਹੋਣ ਕਰਕੇ ਬਾੜਾ ਚੋਅ ਵਿਚ ਪਾਣੀ ਦੀ ਡਾਫ਼ ਲੱਗੀ ਹੋਣ ਕਰਕੇ ਉਹ ਭਰ ਕੇ ਟੁੱਟ ਜਾਣ ਦੀ ਸਥਿਤੀ ‘ਚ ਨਜ਼ਰ ਆ ਰਿਹਾ ਸੀ, ਜਿਸ ਵਿਚ ਅੱਜ ਵੱਡਾ ਪਾੜ ਪੈਣ ਕਰਕੇ ਕਿਸਾਨਾਂ ਦਾ ਵੱਡਾ ਨੁਕਸਾਨ ਹੋਣ ਕਿਨਾਰੇ ਸੀ ਪਰ ਮੌਕੇ ‘ਤੇ ਮੌਜੂਦ ਅਤੇ ਵੱਡੀ ਗਿਣਤੀ ਵਿਚ ਪਹੁੰਚੇ ਕਿਸਾਨਾਂ ਨੇ ਆਪਣੀ ਸੂਝ, ਮੁਸ਼ੱਕਤ ਅਤੇ ਸਖ਼ਤ ਮਿਹਨਤ ਨਾਲ ਉਸਨੂੰ ਪੂਰ (ਬੰਦ ਕਰਕੇ) ਕੇ ਨੁਕਸਾਨ ਹੋਣ ਤੋਂ ਬਚਾਅ ਲਿਆ ਪਰ ਨੇੜਲੇ ਖੇਤਾਂ ਵਿਚ ਪਾਣੀ ਕਾਫੀ ਭਰ ਜਾਣ ਦੀ ਸੂਚਨਾ ਮਿਲੀ ਹੈ।