ਜਲੰਧਰ/ਚੰਡੀਗੜ੍ਹ—–ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਬੀਤੇ ਦਿਨੀਂ ਜਦੋਂ ਆਪਣੀ ਰਿਹਾਇਸ਼ ’ਤੇ ‘ਸਰਕਾਰ ਤੁਹਾਡੇ ਦੁਆਰ’ ਪ੍ਰੋਗਰਾਮ ’ਚ ਹਿੱਸਾ ਲੈ ਰਹੇ ਸੀ ਤਾਂ ਇਕ ਕੋਰੋਨਾ ਵਾਰੀਅਰ ਨੇ ਮੁੱਖ ਮੰਤਰੀ ਸਾਹਮਣੇ ਆਪਣੀ ਸ਼ਿਕਾਇਤ ਰੱਖੀ ਤਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਮੌਕੇ ’ਤੇ ਸਪੈਸ਼ਲ ਚੀਫ ਸੈਕਟਰੀ ਨੂੰ ਫੋਨ ਲਾ ਦਿੱਤਾ। ਜਲੰਧਰ ਵੈਸਟ ਉਪ-ਚੋਣ ਜਿੱਤਣ ਤੋਂ ਬਾਅਦ ਮੁੱਖ ਮੰਤਰੀ ਜਲੰਧਰ ਪੁੱਜੇ ਸੀ ਤੇ ਉਨ੍ਹਾਂ ਨੇ ‘ਸਰਕਾਰ ਤੁਹਾਡੇ ਦੁਆਰ ਪ੍ਰੋਗਰਾਮ’ ਆਯੋਜਿਤ ਕਰ ਕੇ ਜਨਤਾ ਦੀਆਂ ਸ਼ਿਕਾਇਤਾਂ ਸੁਣਨੀਆਂ ਸ਼ੁਰੂ ਕੀਤੀਆਂ।
ਮੁੱਖ ਮੰਤਰੀ ਨੇ ਕਿਹਾ ਕਿ ਕੋਰੋਨਾ ਦੇ ਸਮੇਂ ਜਿਨ੍ਹਾਂ ਨੇ ਕੰਮ ਕੀਤਾ ਹੈ ਅਤੇ ਆਪਣੀਆਂ ਸੇਵਾਵਾਂ ਹਸਪਤਾਲਾਂ ਨੂੰ ਦਿੱਤੀਆਂ ਹਨ, ਉਨ੍ਹਾਂ ਦੀ ਜਲਦ ਪ੍ਰੀਖਿਆ ਲੈ ਕੇ ਉਨ੍ਹਾਂ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇਗੀ। ਮੁੱਖ ਮੰਤਰੀ ਭਗਵੰਤ ਮਾਨ ਨੇ ਸਪੈਸ਼ਲ ਚੀਫ ਸੈਕਟਰੀ ਨੂੰ ਕਿਹਾ ਕਿ ਉਹ ਕੋਰੋਨਾ ਦੇ ਸਮੇਂ ਸੇਵਾਵਾਂ ਦੇਣ ਵਾਲਿਆਂ ਦੀਆਂ ਪ੍ਰੀਖਿਆਵਾਂ ਲੈ ਕੇ ਉਨ੍ਹਾਂ ਨੂੰ ਨੌਕਰੀ ’ਤੇ ਰੱਖਣ।
ਮੁੱਖ ਮੰਤਰੀ ਨੇ ਕਿਹਾ ਕਿ ਲੋਕਾਂ ਦੀਆਂ ਸ਼ਿਕਾਇਤਾਂ ਸੁਣਨ ਦਾ ਮਕਸਦ ਇਹੀ ਹੈ ਕਿ ਉਨ੍ਹਾਂ ਦਾ ਮੌਕੇ ’ਤੇ ਨਿਪਟਾਰਾ ਕਰ ਦਿੱਤਾ ਜਾਵੇ ਤੇ ਲੋਕਾਂ ਨੂੰ ਵਾਰ-ਵਾਰ ਚੰਡੀਗੜ੍ਹ ਦੇ ਚੱਕਰ ਨਾ ਕੱਟਣੇ ਪੈਣ। ਉਨ੍ਹਾਂ ਕਿਹਾ ਕਿ ਉਹ ਖੁਦ ਜ਼ਮੀਨ ਨਾਲ ਜੁੜੇ ਹੋਏ ਹਨ, ਇਸ ਲਈ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਚੰਗੀ ਤਰ੍ਹਾਂ ਸਮਝਦੇ ਹਨ। ਮੁੱਖ ਮੰਤਰੀ ਨੇ ਅੱਜ ਜਿਹੜੇ-ਜਿਹੜੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਸੁਣਿਆ, ਉਹ ਲੋਕ ਕਾਫੀ ਖੁਸ਼ ਦਿਖਾਈ ਦੇ ਰਹੇ ਸਨ।