ਲੋਕ ਸਭਾ ਚੋਣਾਂ ਅਤੇ ਫਿਰ ਜਲੰਧਰ ਦੀਆਂ ਜ਼ਿਮਨੀ ਚੋਣਾਂ ਤੋਂ ਬਾਅਦ ਹੁਣ ਹਰਿਆਣਾ ਵਿਧਾਨ ਸਭਾ ਚੋਣਾਂ ਦੇ ਮੌਨਸੂਨ ਨੂੰ ਦੇਖਦੇ ਹੋਏ ਇੱਕ ਵਾਰ ਫਿਰ ਸਿਆਸੀ ਬਿਆਨਬਾਜੀਆਂ ਦਾ ਦੌਰ ਸ਼ੁਰੂ ਹੋ ਗਿਆ ਹੈ। ਬਾਕੀ ਪਾਰਟੀਆਂ ਦੇ ਨਾਲ-ਨਾਲ ਆਮ ਆਦਮੀ ਪਾਰਟੀ ਨੇ ਵੀ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ। ਹਰਿਆਣਾ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਅੱਜ ਦਿੱਲੀ ਦੇ ਮੁੱਖ ਮੰਤਰੀ ਅਤੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਪੰਚਕੂਲਾ ਪਹੁੰਚੇ। ਜਿੱਥੇ ਉਨ੍ਹਾਂ ਨੇ ਕੇਜਰੀਵਾਲ ਦੀਆਂ ਗਾਰੰਟੀਆਂ ਦਾ ਐਲਾਨ ਕੀਤਾ। ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਜਨ ਸਭਾ ਨੂੰ ਸੰਬੋਧਨ ਕੀਤਾ।
ਸੰਬੋਧਨ ਕਰਦੇ ਹੋਏ ਸੀਐੱਮ ਮਾਨ ਨੇ ਕੇਂਦਰ ’ਚ ਵਿਰੋਧੀ ਸੱਤਾ ਧਿਰ ’ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਪੰਜਾਬ ’ਚ ਦਿੱਤੀਆਂ ਆਪਣੀਆਂ ਸਹੂਲਤਾਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਜੇਕਰ ਨੀਅਤ ਸਾਫ਼ ਹੋਵੇ ਤਾਂ ਸਭ ਕੁਝ ਹੋ ਸਕਦਾ ਹੈ। ਜਦੋਂ ਅਸੀਂ ਕੇਜਰੀਵਾਲ ਨਾਲ ਪੰਜਾਬ ‘ਚ ਚੋਣ ਪ੍ਰਚਾਰ ਕੀਤਾ ਤਾਂ ਅਸੀਂ ਬਿਜਲੀ ਮੁਫ਼ਤ ਕਰਨ ਦੀ ਇਕ ਗਾਰੰਟੀ ਦਿੱਤੀ, ਵਿਰੋਧੀ ਧਿਰਾਂ ਨੇ ਮੁਫ਼ਤ ਬਿਜਲੀ ਦਿੱਤੇ ਜਾਣ ਨੂੰ ਲੈ ਕੇ ਸਵਾਲ ਚੁੱਕੇ, ਪਰ ਅੱਜ ਵੀ ਪੰਜਾਬ ’ਚ 600 ਯੂਨਿਟ ਬਿਜਲੀ ਮੁਫ਼ਤ ਹੈ। 90 ਫ਼ੀਸਦੀ ਪੰਜਾਬ ਵਿਚ ਬਿਜਲੀ ਦਾ ਬਿੱਲ ਜ਼ੀਰੋ ਆਉਂਦਾ ਹੈ।
ਇਸ ਦੇ ਨਾਲ ਹੀ ਸੀਐੱਮ ਮਾਨ ਨੇ ਨਾਅਰ ਬੁਲੰਦ ਕਰਦੇ ਹੋਏ ਕਿਹਾ ਕਿ ‘ਬਦਲਾਂਗੇ ਹਰਿਆਣਾ ਦਾ ਹਾਲ, ਹੁਣ ਲਿਆਵਾਂਗੇ ਕੇਜਰੀਵਾਲ’। ਮਾਨ ਨੇ ਕਿਹਾ ਕਿ ਕੇਜਰੀਵਾਲ ਗਾਰੰਟੀ ਦਿੰਦਾ ਹੈ। ਭਾਜਪਾ ਘੋਸ਼ਣਾ ਪੱਤਰ ਜਾਂ ਮੈਨੀਫੈਸਟੋ ਜਾਰੀ ਕਰਦੀ ਸੀ। ਜਦੋਂ ਵੱਜਣ ਲੱਗੀਆਂ ਖ਼ਤਰੇ ਦੀਆਂ ਘੰਟੀਆਂ, ਤਾਂ ਮੋਦੀ ਜੀ ਨੂੰ ਯਾਦ ਆਈਆਂ ਕੇਜਰੀਵਾਲ ਦੀਆਂ ਗਾਰੰਟੀਆਂ। ਗਾਰੰਟੀਆਂ ਵਿਚ ਵੀ ਫ਼ਰਕ ਹੁੰਦਾ ਹੈ। ਜਦੋਂ ਮਾਲ ਹੀ ਨਕਲੀ ਹੈ ਤਾਂ ਗਾਰੰਟੀ ਦਾ ਕੀ ਫਾਇਦਾ। ਅਸਲੀ ਮਾਲ ਦੀ ਗਾਰੰਟੀ ਦਿੱਤੀ ਜਾਂਦੀ ਹੈ, ਜੋ ਕਿ ਕੇਜਰੀਵਾਲ ਦੀ ਗਾਰੰਟੀ ਹੈ।