ਲਾਤੂਰ- ਮਹਾਰਾਸ਼ਟਰ ਦੇ ਲਾਤੂਰ ਜ਼ਿਲ੍ਹੇ ‘ਚ ਸ਼ਰਾਬ ਦੇ ਆਦੀ ਇਕ ਵਿਅਕਤੀ ਨੇ ਚਾਕਲੇਟ ਖਰੀਦਣ ਲਈ ਪੈਸੇ ਮੰਗਣ ‘ਤੇ ਆਪਣੀ ਚਾਰ ਸਾਲਾ ਧੀ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਇਕ ਅਧਿਕਾਰੀ ਨੇ ਦੱਸਿਆ ਕਿ ਦੋਸ਼ੀ ਦੀ ਪਛਾਣ ਬਾਲਾਜੀ ਰਾਠੌੜ ਵਜੋਂ ਹੋਈ ਹੈ ਅਤੇ ਉਸ ਨੂੰ ਘਟਨਾ ਦੇ ਬਾਅਦ ਕਤਲ ਦੇ ਦੋਸ਼ ‘ਚ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਅਧਿਕਾਰੀ ਨੇ ਦੱਸਿਆ,”ਰਾਠੌੜ ਸ਼ਰਾਬ ਪੀਣ ਦਾ ਆਦੀ ਹੈ, ਜਿਸ ਕਾਰਨ ਉਸ ਦੇ ਪਰਿਵਾਰ ‘ਚ ਹਮੇਸ਼ਾ ਲੜਾਈ ਝਗੜੇ ਹੁੰਦੇ ਰਹਿੰਦੇ ਸਨ। ਉਸ ਦੀ ਪਤਨੀ ਉਸ ਨੂੰ ਛੱਡ ਕੇ ਆਪਣੇ ਪੇਕੇ ਰਹਿ ਰਹੀ ਸੀ। ਦੁਪਹਿਰ ਨੂੰ ਉਸ ਦੀ ਧੀ ਆਰੂਸ਼ੀ ਨੇ ਚਾਕਲੇਟ ਖਰੀਦਣ ਲਈ ਉਸ ਤੋਂ ਪੈਸੇ ਮੰਗੇ। ਗੁੱਸੇ ‘ਚ ਆ ਕੇ ਉਸ ਨੇ ਸਾੜੀ ਨਾਲ ਉਸ ਦਾ ਗਲ਼ਾ ਘੁੱਟ ਕੇ ਕਤਲ ਕਰ ਦਿੱਤਾ।” ਰਾਠੌੜ ਦੀ ਪਤਨੀ ਵਰਸ਼ਾ ਨੇ ਆਪਣੇ ਪਤੀ ਲਈ ਮੌਤ ਦੀ ਸਜ਼ਾ ਦੀ ਮੰਗ ਕੀਤੀ ਹੈ। ਦੋਸ਼ੀ ਲਾਤੂਰ ਜ਼ਿਲ੍ਹੇ ਦੇ ਉਦਗੀਰ ਤਾਲੁਕਾ ਦੇ ਭੀਮਾ ਟਾਂਡਾ ਦਾ ਰਹਿਣ ਵਾਲਾ ਹੈ। ਪੁਲਸ ਨੇ ਉਸ ਦੀ ਪਤਨੀ ਦੀ ਸ਼ਿਕਾਇਤ ‘ਤੇ ਐੱਫਆਈਆਰ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਾਂਚ ਜਾਰੀ ਹੈ।