ਜਲੰਧਰ – ਨਾਗਰਾ ’ਚ ਟਰਾਂਸਫਾਰਮਰ ਦੀ ਰਿਪੇਅਰ ਕਰ ਰਹੇ ਠੇਕਾ ਕਰਮਚਾਰੀ ਦੀ 11 ਕੇ.ਵੀ. ਦਾ ਕਰੰਟ ਲੱਗਣ ਕਾਰਨ ਮੌਤ ਹੋ ਗਈ, ਜਿਸ ਕਾਰਨ ਗੁੱਸੇ ’ਚ ਆਏ ਪਰਿਵਾਰਕ ਮੈਂਬਰਾਂ ਤੇ ਸਾਥੀ ਕਰਮਚਾਰੀਆਂ ਨੇ ਲਾਸ਼ ਨੂੰ ਸ਼ਕਤੀ ਸਦਨ ਦੇ ਬਾਹਰ ਰੱਖ ਕੇ ਧਰਨਾ ਦਿੱਤਾ। ਇਸ ਕਾਰਨ ਹਾਈਵੇ 5 ਘੰਟੇ ਜਾਮ ਰਿਹਾ ਤੇ ਆਵਾਜਾਈ ਵਿਵਸਥਾ ਬੁਰੀ ਤਰ੍ਹਾਂ ਵਿਗੜ ਗਈ। ਆਵਾਜਾਈ ਨੂੰ ਹੋਰ ਸੜਕਾਂ ਤੋਂ ਮੋੜਨਾ ਪਿਆ।
ਸੀ.ਐੱਚ.ਬੀ. (ਕੰਪਲੇਂਟ ਹੈਂਡਲਿੰਗ ਬਾਈਕ) ਠੇਕਾ ਮੁਲਾਜ਼ਮ ਯੂਨੀਅਨ ਨੇ ਮ੍ਰਿਤਕ ਦੇ ਪਰਿਵਾਰ ਨੂੰ 20 ਲੱਖ ਰੁਪਏ ਮੁਆਵਜ਼ਾ ਤੇ ਪਤਨੀ ਨੂੰ ਸਰਕਾਰੀ ਨੌਕਰੀ ਦੇਣ ਦੀ ਮੰਗ ਕੀਤੀ ਹੈ। ਦੋਸਤਾਂ ਨੇ ਮ੍ਰਿਤਕ ਦਾ ਅੰਤਿਮ ਸੰਸਕਾਰ ਕਰਨ ਤੋਂ ਸਾਫ਼ ਇਨਕਾਰ ਕਰਦਿਆਂ ਕਿਹਾ ਹੈ ਕਿ ਜਦੋਂ ਤੱਕ ਪ੍ਰਸ਼ਾਸਨ ਮੁਆਵਜ਼ਾ ਦੇਣ ਦਾ ਵਾਅਦਾ ਨਹੀਂ ਕਰਦਾ ਉਹ ਅੰਤਿਮ ਸੰਸਕਾਰ ਨਹੀਂ ਕਰਨਗੇ।
ਹਾਦਸੇ ਦਾ ਸ਼ਿਕਾਰ ਹੋਏ ਸੰਨੀ ਕੁਮਾਰ ਸ਼ਿਵ ਨਗਰ (ਨਾਗਰਾ) ਪਿਛਲੇ ਕਈ ਸਾਲਾਂ ਤੋਂ ਸੀ.ਐੱਚ.ਬੀ. ’ਚ ਠੇਕਾ ਮੁਲਾਜ਼ਮ ਵਜੋਂ ਕੰਮ ਕਰ ਰਿਹਾ ਸੀ ਤੇ ਮਕਸੂਦਾਂ ਡਵੀਜ਼ਨ ਅਧੀਨ ਤਾਇਨਾਤ ਸੀ। ਸਵੇਰੇ 8-9 ਵਜੇ ਦੇ ਕਰੀਬ ਉਹ ਮਕਸੂਦਾਂ ਅਧੀਨ ਪੈਂਦੇ ਨਾਗਰਾ ’ਚ ਟਰਾਂਸਫਾਰਮਰ ਦੀ ਰਿਪੇਅਰ ਕਰ ਰਿਹਾ ਸੀ। ਜੰਪਰ ਦੀ ਮੁਰੰਮਤ ਕਰਦੇ ਸਮੇਂ ਉਹ ਉੱਪਰ ਜਾ ਰਹੀ 11 ਕੇ.ਵੀ. ਦੀਆਂ ਤਾਰਾਂ ਦੀ ਲਪੇਟ ’ਚ ਆ ਗਿਆ।
ਸਾਥੀ ਕਰਮਚਾਰੀ ਹਾਦਸੇ ਦਾ ਸ਼ਿਕਾਰ ਹੋਏ ਸੰਨੀ ਨੂੰ ਟੈਗੋਰ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਤੋਂ ਬਾਅਦ ਯੂਨੀਅਨ ਆਗੂ ਸੰਨੀ ਦੀ ਮ੍ਰਿਤਕ ਦੇਹ ਨੂੰ ਸਿਵਲ ਹਸਪਤਾਲ ਲੈ ਗਏ। ਯੂਨੀਅਨ ਨੇ ਪਤਨੀ ਨੂੰ ਸਰਕਾਰੀ ਨੌਕਰੀ ਤੇ 20 ਲੱਖ ਰੁਪਏ ਦੇ ਮੁਆਵਜ਼ੇ ਦੀ ਮੰਗ ਕੀਤੀ ਹੈ