ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਨੇਤਾਵਾਂ ਮਨੋਹਰ ਲਾਲ ਖੱਟਰ, ਸ਼ਿਵਰਾਜ ਸਿੰਘ ਚੌਹਾਨ, ਸੰਜੇ ਕੁਮਾਰ ਅਤੇ ਰਵਨੀਤ ਸਿੰਘ ਬਿੱਟੂ ਰਾਸ਼ਟਰੀ ਜਮਹੂਰੀ ਗਠਜੋੜ (ਐਨਡੀਏ) ਸਰਕਾਰ ਦੇ ਮੰਤਰੀ ਮੰਡਲ ਵਿੱਚ ਨਵੇਂ ਚਿਹਰਿਆਂ ਵਿੱਚ ਸ਼ਾਮਲ ਹਨ, ਜੋ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਨਾਮਜ਼ਦ ਨਰਿੰਦਰ ਮੋਦੀ ਦੇ ਨਾਲ ਸਹੁੰ ਚੁੱਕ ਸਕਦੇ ਹਨ।
ਸੂਤਰਾਂ ਨੇ ਦੱਸਿਆ ਕਿ ਅਮਿਤ ਸ਼ਾਹ, ਰਾਜਨਾਥ ਸਿੰਘ, ਨਿਤਿਨ ਗਡਕਰੀ, ਪੀਯੂਸ਼ ਗੋਇਲ, ਅਸ਼ਵਨੀ ਵੈਸ਼ਨਵ ਅਤੇ ਮਨਸੁਖ ਮਾਂਡਵੀਆ ਵਰਗੇ ਸੀਨੀਅਰ ਨੇਤਾਵਾਂ ਨੂੰ ਨਵੀਂ ਸਰਕਾਰ ‘ਚ ਮੰਤਰੀ ਅਹੁਦੇ ਮਿਲਣ ਦੀ ਪੂਰੀ ਉਮੀਦ ਹੈ। ਇਸ ਦੇ ਨਾਲ ਹੀ ਭਾਜਪਾ ਨੇਤਾ ਜੋਤੀਰਾਦਿੱਤਿਆ ਸਿੰਧੀਆ, ਉੱਤਰ ਪ੍ਰਦੇਸ਼ ਦੇ ਸੰਸਦ ਮੈਂਬਰ ਜਤਿਨ ਪ੍ਰਸਾਦ ਅਤੇ ਮਹਾਰਾਸ਼ਟਰ ਦੀ ਸੰਸਦ ਰਕਸ਼ਾ ਖੜਸੇ ਨੂੰ ਵੀ ਨਵੀਂ ਸਰਕਾਰ ‘ਚ ਮੰਤਰੀ ਬਣਾਏ ਜਾਣ ਦੀ ਸੰਭਾਵਨਾ ਹੈ।
ਖੜਸੇ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਪੁਸ਼ਟੀ ਕੀਤੀ ਕਿ ਉਨ੍ਹਾਂ ਨੂੰ ਸਰਕਾਰ ਦਾ ਹਿੱਸਾ ਬਣਨ ਲਈ ਬੁਲਾਇਆ ਗਿਆ ਹੈ। ਜਿੰਨ੍ਹਾਂ ‘ਚੋਂ ਕਈ ਨੇਤਾਵਾਂ ਨੇ ਨਰਿੰਦਰ ਮੋਦੀ ਨਾਲ ਉਨ੍ਹਾਂ ਦੀ ਰਿਹਾਇਸ਼ ‘ਤੇ ਮੁਲਾਕਾਤ ਕੀਤੀ। ਇਕ ਸੂਤਰ ਮੁਤਾਬਕ ਵਿੱਤ ਮੰਤਰੀ ਨਿਰਮਲਾ ਸੀਤਾਰਮਨ, ਸਰਬਾਨੰਦ ਸੋਨੋਵਾਲ ਅਤੇ ਕਿਰਨ ਰਿਜਿਜੂ ਵੀ ਮੰਤਰੀ ਵਜੋਂ ਸਹੁੰ ਚੁੱਕਣਗੇ। ਤੇਲਗੂ ਦੇਸ਼ਮ ਪਾਰਟੀ (ਟੀਡੀਪੀ) ਦੇ ਰਾਮ ਮੋਹਨ ਨਾਇਡੂ ਤੋਂ ਇਲਾਵਾ ਚੰਦਰਸ਼ੇਖਰ ਪੇਮਾਸਾਨੀ, ਜਨਤਾ ਦਲ (ਸੈਕੂਲਰ) ਦੇ ਲਲਨ ਸਿੰਘ ਅਤੇ ਰਾਮਨਾਥ ਠਾਕੁਰ, ਚਿਰਾਗ ਪਾਸਵਾਨ, ਜੀਤਨ ਰਾਮ ਮਾਂਝੀ, ਐਚਡੀ ਕੁਮਾਰਸਵਾਮੀ ਅਤੇ ਜਯੰਤ ਚੌਧਰੀ ਦੇ ਵੀ ਮੰਤਰੀ ਵੱਜੋਂ ਸਹੁੰ ਚੁੱਕਣ ਦੀ ਸੰਭਾਵਨਾ ਹੈ।
ਤੇਲੰਗਾਨਾ ਦੇ ਚੁਣੇ ਗਏ ਸੰਸਦ ਮੈਂਬਰ ਸੰਜੇ ਕੁਮਾਰ ਅਤੇ ਜੀ ਕਿਸ਼ਨ ਰੈੱਡੀ ਨੂੰ ਨਰਿੰਦਰ ਮੋਦੀ ਦੀ ਰਿਹਾਇਸ਼ ਵੱਲ ਵਧਦੇ ਦੇਖਿਆ ਗਿਆ। ਇਸ ਦੇ ਨਾਲ ਹੀ ਉਨ੍ਹਾਂ ਦੇ ਕਰੀਬੀ ਸੂਤਰਾਂ ਨੇ ਇਹ ਵੀ ਦੱਸਿਆ ਕਿ ਇਹ ਦੋਵੇਂ ਅੱਜ ਸ਼ਾਮ ਨੂੰ ਮੰਤਰੀ ਵਜੋਂ ਸਹੁੰ ਚੁੱਕ ਸਕਦੇ ਹਨ।
ਹਾਲਾਂਕਿ ਅਜੇ ਤੱਕ ਸੰਭਾਵਿਤ ਮੰਤਰੀਆਂ ਬਾਰੇ ਅਧਿਕਾਰਤ ਤੌਰ ‘ਤੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। ਐਨਡੀਏ ਸਰਕਾਰ ਦੇ ਮੰਤਰੀ ਮੰਡਲ ਵਿੱਚ ਮੰਤਰੀਆਂ ਦੀ ਚੋਣ ਕਰਦੇ ਸਮੇਂ ਭਾਜਪਾ ਨੂੰ ਉੱਤਰ ਪ੍ਰਦੇਸ਼ ਅਤੇ ਮਹਾਰਾਸ਼ਟਰ ਵਿੱਚ ਆਪਣੀ ਕਾਰਗੁਜ਼ਾਰੀ ਨੂੰ ਵੀ ਧਿਆਨ ਵਿੱਚ ਰੱਖਣਾ ਹੋਵੇਗਾ, ਤਾਂ ਜੋ ਉਹ ਉੱਥੇ ਮੁੜ ਆਪਣੀ ਮਜ਼ਬੂਤ ਪਕੜ ਬਣਾਈ ਰੱਖ ਸਕੇ।