ਆਸਕਰ ਜੇਤੂ ਸੰਗੀਤਕਾਰ ਏਆਰ ਰਹਿਮਾਨ ਅਤੇ ਉਨ੍ਹਾਂ ਦੀ ਪਤਨੀ ਸਾਇਰਾ ਬਾਨੋ ਨੇ ਵਿਆਹ ਤੋਂ 29 ਸਾਲ ਬਾਅਦ ਵੱਖ ਹੋਣ ਦਾ ਫ਼ੈਸਲਾ ਲਿਆ ਹੈ। ਮੰਗਲਵਾਰ 19 ਨਵੰਬਰ ਨੂੰ ਦੋਵਾਂ ਦੀ ਵਕੀਲ ਨੇ ਬਿਆਨ ਜਾਰੀ ਕਰਕੇ ਇਹ ਜਾਣਕਾਰੀ ਸਾਂਝੀ ਕੀਤੀ ਹੈ। ਤਲਾਕ ਦੇ ਮਾਮਲਿਆਂ ਨਾਲ ਜੁੜੇ ਹੋਏ ਮਸ਼ਹੂਰ ਵਕੀਲ ਵੰਦਨਾ ਸ਼ਾਹ ਨੇ ਦੋਹਾਂ ਵੱਲੋਂ ਜਾਰੀ ਸਾਂਝੇ ਬਿਆਨ ‘ਚ ਕਿਹਾ ਕਿ ਉਨ੍ਹਾਂ ਦੇ ਰਿਸ਼ਤੇ ‘ਚ ‘ਭਾਵਨਾਤਮਕ ਤਣਾਅ’ ਕਾਰਨ ਦੋਵਾਂ ਨੇ ਇਹ ਔਖਾ ਫ਼ੈਸਲਾ ਲਿਆ ਹੈ।
ਵਕੀਲ ਵੰਦਨਾ ਸ਼ਾਹ ਨੇ ਕਿਹਾ, ”ਇੱਕ-ਦੂਜੇ ਲਈ ਡੂੰਘੇ ਪਿਆਰ ਦੇ ਬਾਵਜੂਦ ਉਨ੍ਹਾਂ ਦੇ ਰਿਸ਼ਤੇ ‘ਚ ਤਣਾਅ ਸੀ। ਮੁਸ਼ਕਿਲਾਂ ਇਸ ਹੱਦ ਤੱਕ ਵਧ ਗਈਆਂ ਸਨ ਕਿ ਦੂਰੀ ਨੂੰ ਪਾਰ ਕਰਨਾ ਅਸੰਭਵ ਹੋ ਗਿਆ ਸੀ। ਹੁਣ ਦੋਵਾਂ ਵਿੱਚੋਂ ਕੋਈ ਵੀ ਦੂਰੀ ਨੂੰ ਘੱਟ ਕਰਨ ਦੀ ਸਮਰੱਥਾ ਨਹੀਂ ਰੱਖਦਾ ਸੀ।”
ਏਆਰ ਰਹਿਮਾਨ ਨੇ ਆਪਣੇ ਐਕਸ ਅਕਾਊਂਟ ‘ਤੇ ਇਸ ਬਾਰੇ ਜਾਣਕਾਰੀ ਦਿੱਤੀ ਹੈ। ਰਹਿਮਾਨ ਨੇ ਲਿਖਿਆ, “ਸਾਨੂੰ ਉਮੀਦ ਸੀ ਵਿਆਹ ਦੇ 30 ਸ਼ਾਨਦਾਰ ਸਾਲ ਇਕੱਠੇ ਰਹਾਂਗੇ ਪਰ ਅਜਿਹਾ ਲੱਗਦਾ ਹੈ ਕਿ ਸਾਰੀਆਂ ਚੀਜ਼ਾਂ ਦਾ ਇੱਕ ਅਦਿੱਖ ਅੰਤ ਹੁੰਦਾ ਹੈ।” “ਟੁੱਟੇ ਦਿਲਾਂ ਦੇ ਭਾਰ ਹੇਠ ਰੱਬ ਦਾ ਸਿੰਘਾਸਣ ਵੀ ਹਿੱਲ ਜਾਂਦਾ ਹੈ। ਫਿਰ ਵੀ ਇਨ੍ਹਾਂ ਟੁਕੜਿਆਂ ਵਿੱਚ ਅਸੀਂ ਆਪਣੇ ਅਰਥਾਂ ਦੀ ਭਾਲ ਕਰਦੇ ਹਾਂ, ਭਾਵੇਂ ਟੁਕੜੇ ਕਦੇ ਵੀ ਦੁਬਾਰਾ ਆਪਣੀ ਥਾਂ ਨਹੀਂ ਮਿਲਦੇ।”
ਉਨ੍ਹਾਂ ਨੇ ਪੋਸਟ ’ਚ ਲਿਖਿਆ, “ਅਸੀਂ ਆਪਣੇ ਦੋਸਤਾਂ ਦੇ ਸ਼ੁਕਰਗੁਜ਼ਾਰ ਹਾਂ, ਜਿਨ੍ਹਾਂ ਦੀ ਹਮਦਰਦੀ ਇਸ ਔਖੇ ਦੌਰ ’ਚੋਂ ਗੁਜ਼ਰਦਿਆਂ ਸਾਡੇ ਨਾਲ ਰਹੀ ਤੇ ਉਨ੍ਹਾਂ ਨੇ ਸਾਡੀ ਨਿੱਜਤਾ ਦਾ ਵੀ ਸਤਿਕਾਰ ਕੀਤਾ।”